ਫ਼ਿਰੋਜ਼ਪੁਰ: ਜ਼ੀਰਾ ਦੇ ਪਿੰਡ ਸਰਹਾਲੀ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ 40 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਨੂੰ ਢਾਉਣ ਦਾ ਇਲਜ਼ਾਮ ਸਾਬਕਾ ਆਈਜੀ ਸੁਖਦਿਆਲ ਸਿੰਘ ਭੁੱਲਰ ਉੱਤੇ ਲਗਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮੰਨਾ ਨੇ ਕਿਹਾ ਕਿ ਬੀਤੇ ਦਿਨੀਂ ਜੋ ਸਰਹਾਲੀ ਵਿਖੇ ਸਾਬਕਾ ਆਈਜੀ ਸੁਖਦਿਆਲ ਸਿੰਘ ਭੁੱਲਰ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਨੂੰ ਢਾਇਆ ਹੈ ਇਹ ਬਹੁਤ ਨਿੰਦਣਯੋਗ ਹਰਕਤ ਹੈ। ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਨਾਲ ਸਾਰੇ ਹੀ ਪਿੰਡ ਵਾਸੀਆਂ ਦੀ ਬਹੁਤ ਸ਼ਰਧਾ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਤੋਂ ਪਹਿਲਾਂ ਇੱਥੇ ਬਹੁਤ ਅਣਸੁਖਾਵੀਆਂ ਘਟਨਾਵਾਂ ਵਪਾਰਦੀਆਂ ਰਹਿੰਦੀਆਂ ਸੀ ਜਿਸ ਬਾਅਦ ਹੀ ਮਹਾਂਪੁਰਸ਼ ਦਇਆ ਸਿੰਘ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ ਜਿਸ ਮਗਰੋਂ ਇੱਥੇ ਘਟਨਾ ਨਹੀਂ ਵਾਪਰੀਆਂ।
ਉਨ੍ਹਾਂ ਕਿਹਾ ਕਿ ਜੇਕਰ ਆਈਜੀ ਨੇ ਇਸ ਗੁਰਦੁਆਰਾ ਸਾਹਿਬ ਨੂੰ ਢਾਉਣਾ ਹੀ ਸੀ ਤਾਂ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾਂ ਕਰਦੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਸਿੱਧਾ ਹੀ ਗੁਰਦੁਆਰਾ ਸਾਹਿਬ ਨੂੰ ਢਾਹ ਦਿੱਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ। ੳਨ੍ਹਾਂ ਨੇ ਸਾਬਕਾ ਆਈਜੀ ਸੁਖਦਿਆਲ ਸਿੰਘ ਭੁੱਲਰ ਦੀ ਇਸ ਹਰਕਤ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸੁਖਦਿਆਲ ਸਿੰਘ ਭੁੱਲਰ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਜੋ ਧਰਮ ਦੇ ਕੰਮ ਵਿੱਚ ਵਿਘਨ ਪਾ ਰਿਹਾ ਹੈ। ਇਸ ਲਈ ਉਸਦੀ ਇਸ ਹਰਕਤ ਉਪਰ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਐਸਐਚਓ ਦਵਿੰਦਰ ਸ਼ਰਮਾ ਨੇ ਕਿਹਾ ਕਿ ਸਾਡੇ ਮੁਤਾਬਕ ਇਹ ਗੁਰੂਦੁਆਰਾ ਸਾਹਿਬ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਬਣਿਆ ਹੈ ਜਿਸ ਕਾਰਨ ਇਹ ਵਿਵਾਦ ਹੋਇਆ ਹੈ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਦਿੱਤਾ ਜਾਵੇਗਾ।