ਫਿਰੋਜ਼ਪੁਰ: ਸਰਹੱਦੀ ਪਿੰਡ ਹੁਸੈਨੀਵਾਲਾ ਤੋਂ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨੌਜਵਾਨ ਨਾਲ ਇੱਕ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾ ਕੀਤਾ ਜਿਸ ਤੋਂ ਬਾਅਦ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਮੁਤਾਬਕ ਨੌਜਵਾਨ ਨੇ ਮੋਗਾ ਦੇ ਇਕ ਟਰੈਵਲ ਏਜੰਟ ਨੂੰ ਯੂਕਰੇਨ ਜਾਣ ਲਈ 5 ਲੱਖ ਰੁਪਏ ਦਿੱਤੇ ਸਨ ਜਿਸ ਨੇ ਉਸ ਨੂੰ ਯੂਕਰੇਨ ਦਾ ਜਾਅਲੀ ਵੀਜ਼ਾ ਲਗਵਾ ਕੇ ਉਸ ਨੂੰ ਇਕ ਮਹੀਨਾ ਮੋਗਾ ਅਤੇ ਦਿੱਲੀ ਦੇ ਗੇੜੇ ਲਗਵਾ ਕੇ ਵਾਪਸ ਘਰ ਭੇਜ ਦਿੱਤਾ। ਇਸ ਤੋਂ ਪਰੇਸ਼ਾਨ ਹੋ ਕੇ ਇਸ ਨੌਜਵਾਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਏਜੰਟ ਨੇ 5 ਲੱਖ ਰੁਪਏ ਲੈ ਲਏ ਅਤੇ ਬਾਹਰ ਭੇਜਣ ਦੇ ਨਾਂਅ 'ਤੇ ਇੱਧਰ-ਉੱਧਰ ਘਮਾਉਂਦਾ ਰਿਹਾ ਅਤੇ ਫਿਰ ਘਰ ਭੇਜ ਦਿੱਤਾ ਜਿਸ ਤੋਂ ਦੁਖੀ ਹੋ ਉਸ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਏਜੰਟ 'ਤੇ ਪਰਚਾ ਹੋਣਾ ਚਾਹੀਦਾ ਹੈ ਜਿਸ ਕਾਰਨ ਉਸ ਦਾ ਪੁੱਤ ਜਹਾਨੋਂ ਚਲਿਆ ਗਿਆ।
ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨੇ ਬਾਹਰ ਜਾਣ ਲਈ ਏਜੰਟ ਨੂੰ 5 ਲੱਖ ਰੁਪਏ ਦਿੱਤੇ ਸਨ। ਹੁਣ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਉਸ ਏਜੰਟ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।