ਫ਼ਿਰੋਜ਼ਪੁਰ: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Govt) ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਜਾਰੀ ਰੱਖਦੇ ਹੋਏ, ਪੰਜਾਬ ਪੁਲਿਸ (Punjab Police) ਨੇ ਸੋਮਵਾਰ ਨੂੰ 2 ਵਿਅਕਤੀਆਂ ਨੂੰ ਨਸ਼ਿਆਂ ਦੇ ਕੇਸ ਵਿੱਚ ਫਸਾਉਣ ਅਤੇ ਵੱਡੀ ਰਕਮ ਵਸੂਲਣ ਦੇ ਮਾਮਲੇ ਵਿੱਚ ਇੱਕ ਇੰਸਪੈਕਟਰ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਬਰਖਾਸਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੀ ਪਛਾਣ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏ.ਐੱਸ.ਆਈ. ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਫਿਰੋਜ਼ਪੁਰ ਵਿੱਚ ਨਾਰਕੋਟਿਕ ਕੰਟਰੋਲ ਸੈੱਲ (Narcotic Control Cell) ਵਿੱਚ ਤਾਇਨਾਤ ਸਨ।
ਇੰਸਪੈਕਟਰ ਬਾਜਵਾ ਨੂੰ ਫ਼ਿਰੋਜ਼ਪੁਰ (Ferozepur) ਰੇਂਜ ਦੇ ਇੰਸਪੈਕਟਰ ਜਨਰਲ (ਆਈ.ਜੀ.ਪੀ) ਜਸਕਰਨ ਸਿੰਘ ਨੇ ਬਰਖਾਸਤ ਕਰ ਦਿੱਤਾ ਹੈ, ਜਦੋਂ ਕਿ ਏ.ਐੱਸ.ਆਈ. ਅੰਗਰੇਜ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਨੂੰ ਐੱਸ.ਐੱਸ.ਪੀ. ਫ਼ਿਰੋਜ਼ਪੁਰ ਸੁਰਿੰਦਰ ਲਾਂਬਾ ਨੇ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਘੋਰ ਅਣਗਹਿਲੀ ਲਈ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 311 (2) ਤਹਿਤ ਬਰਖਾਸਤ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 166, 167, 195, 471, 218, ਅਤੇ 120-ਬੀ ਅਤੇ ਧਾਰਾਵਾਂ 21, 59, ਅਤੇ 13 ਦੇ ਤਹਿਤ 25 ਜੁਲਾਈ, 2022 ਨੂੰ ਤਿੰਨਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਥਾਣਾ ਫਿਰੋਜ਼ਪੁਰ ਛਾਉਣੀ ਵਿਖੇ ਐੱਨ.ਡੀ.ਪੀ.ਐੱਸ. (NDPS) ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੀ ਟੀਮ ਨੇ ਇੰਸਪੈਕਟਰ ਬਾਜਵਾ, ਏ.ਐੱਸ.ਆਈ. ਅੰਗਰੇਜ ਅਤੇ ਐੱਚ.ਸੀ. ਜੋਗਿੰਦਰ ਦੀ ਅਗਵਾਈ ਵਿੱਚ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲੀ ਭੁਗਤ ਨਾਲ 20 ਜੁਲਾਈ, 2022 ਨੂੰ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਕਥਿਤ ਤੌਰ 'ਤੇ 1 ਕਿਲੋ ਹੈਰੋਇਨ ਪਾ ਕੇ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 5 ਲੱਖ ਰੁਪਏ ਦੀ ਬਰਾਮਦਗੀ ਦਿਖਾ ਕੇ ਨਸ਼ਿਆਂ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ।
ਮੁਲਜ਼ਮ ਇੰਸਪੈਕਟਰ ਬਾਜਵਾ ਵੱਲੋਂ ਥਾਣਾ ਫ਼ਿਰੋਜ਼ਪੁਰ ਛਾਉਣੀ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਜ਼ਾਹਰ ਤੌਰ 'ਤੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੂੰ ਇਹ ਬਰਾਮਦਗੀ ਸ਼ੱਕੀ ਸੀ, ਜਿਸ ਤੋਂ ਬਾਅਦ ਵਿੱਚ ਮਾਮਲੇ ਦੀ ਅੰਦਰੂਨੀ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਗਈ, ਜਦੋਂ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ ਮੁਲਜ਼ਮ ਪੁਲਿਸ ਦੁਆਰਾ ਆਪਣੇ ਕਰਮਚਾਰੀ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਦੀ ਸ਼ਿਕਾਇਤ ਵੀ ਪ੍ਰਾਪਤ ਹੋਈ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮੁੱਢਲੇ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਪੁਲਿਸ ਨੇ ਸਾਰਾ ਮਾਮਲਾ ਰਚਿਆ ਸੀ ਅਤੇ ਦੋਵਾਂ ਵਿਅਕਤੀਆਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਨੀਅਤ ਨਾਲ ਉਨ੍ਹਾਂ ਤੋਂ ਪੈਸੇ ਹੜੱਪ ਲਏ ਸਨ। ਉਨ੍ਹਾਂ ਕਿਹਾ ਕਿ ਜਦੋਂ ਵਿਸਤ੍ਰਿਤ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੂੰ ਦੋਸ਼ਾਂ ਦੇ ਸਬੰਧ ਵਿੱਚ ਸਾਹਮਣਾ ਕੀਤਾ ਗਿਆ ਤਾਂ ਉਨ੍ਹਾਂ ਕੋਲ ਕੋਈ ਸਪੱਸ਼ਟੀਕਰਨ ਨਹੀਂ ਸੀ ਅਤੇ ਬਾਅਦ ਵਿੱਚ ਉਹ ਵੀ ਰਹੱਸਮਈ ਢੰਗ ਨਾਲ ਫਰਾਰ ਹੋ ਗਏ, ਜਿਸ ਨੇ ਸ਼ੱਕ ਨੂੰ ਹੋਰ ਵਧਾ ਦਿੱਤਾ।
ਇਹ ਵੀ ਪੜ੍ਹੋ: ਮਾਡਰਨ ਜੇਲ੍ਹ ਕਿੱਥੋਂ ਆ ਰਿਹੈ ਨਸ਼ਾ ! ਡੋਪ ਟੈਸਟ ‘ਚ 45 ਫੀਸਦੀ ਕੈਦੀ ਪਾਜ਼ੀਟਿਵ