ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਮਾੜਿਆ ਵਾਲੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੁਹਰੇ ਘਰ ਆਏ ਜਵਾਈ ਦੀ ਖੁਈ ਵਿੱਚ ਢਿੱਗ ਹੇਠਾਂ ਦੱਬ ਕੇ ਮੌਤ ਹੋ ਗਈ ਹੈ। ਮ੍ਰਿਤਕ ਸੁਰਜੀਤ ਸਿੰਘ ਆਪਣੇ ਸਾਲੇ ਅੰਗਰੇਜ਼ ਸਿੰਘ ਨਾਲ ਪੁਰਾਣੀ ਖੁਈ ਵਿੱਚੋਂ ਮਿੱਟੀ ਕੱਢ ਰਿਹਾ ਸੀ। ਇਸੇ ਦੌਰਾਨ ਹੀ ਅਚਾਨਕ ਮਿੱਟੀ ਦੀ ਢਿੱਗਾਂ ਡਿੱਗ ਪਈ, ਜਿਨ੍ਹਾਂ ਹੇਠ ਸੁਰਜੀਤ ਸਿੰਘ ਅਤੇ ਅੰਗਰੇਜ਼ ਸਿੰਘ ਦੱਬ ਗਏ।
ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਗੁਆਂਢ ਦੇ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਕੋਸ਼ਿਸ਼ਾਂ ਦੇ ਰਾਹੀਂ ਅੰਗਰੇਜ਼ ਸਿੰਘ ਬੜੀ ਮੁਸ਼ਕਲ ਨਾਲ ਬਚਾਇਆ ਗਿਆ ਪਰ ਸੁਰਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੇ ਸਾਲੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ, ਭਰਾ ਅਤੇ ਜਵਾਈ ਪੁਰਾਣੀ ਖੁਈ ਵਿੱਚੋਂ ਮਿੱਟੀ ਕੱਢ ਰਹੇ ਹਨ। ਇਸੇ ਦੌਰਾਨ ਅਚਾਨਕ ਖੁਈ ਵਿੱਚ ਮਿੱਟੀ ਦੀਆਂ ਢਿੱਗਾਂ ਡਿੱਗ ਪਈਆਂ । ਇਸ ਕਾਰਨ ਖੁਈ ਪੂਰੀ ਤਰ੍ਹਾਂ ਬੰਦ ਹੋ ਗਈ, ਜਿਸ ਕਾਰਨ ਉਸ ਦਾ ਭਰਾ ਅੰਗਰੇਜ਼ ਸਿੰਘ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਗੰਭੀਰ ਜ਼ਖਮੀ ਹੋ ਚੁੱਕਾ ਸੀ ਜੋ ਕਿ ਹਸਪਤਾਲ ਵਿੱਚ ਜੇਰ-ਏ- ਇਲਾਜ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਜੀਜੇ ਸੁਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਾਰੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਸੁਰਜੀਤ ਸਿੰਘ ਦੀ ਲਾਸ਼ ਨੂੰ ਕਬਜੇ ਵਿੱਚ ਲੈਣ ਤੋਂ ਬਾਅਦ ਪੋਸਟ-ਮਾਰਟਮ ਕਰਵਾਉਣ ਲਈ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਨੀਤਾ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।