ਫ਼ਾਜ਼ਿਲਕਾ: ਝੋਨੇਂ ਦੀ ਫ਼ਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਉੱਥੇ ਹੀ ਸਰਕਾਰ ਵੱਲੋਂ ਇਸਦੀ ਖ਼ਰੀਦ ਕਰ ਕਿਸਾਨਾਂ ਨੂੰ ਅਦਾਇਗੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਸਰਕਾਰ ਦੇ ਇਹ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ।
ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਹਾਲਾਤ ਸਰਕਾਰ ਦੇ ਦੱਸਣ ਤੋਂ ਬਿੱਲਕੁਲ ਉਲਟ ਨਜ਼ਰ ਆ ਰਹੇ ਹਨ। ਕਿਸਾਨ ਤਿੰਨ-ਚਾਰ ਦਿਨਾਂ ਤੋਂ ਆਪਣੀਆ ਫ਼ਸਲਾਂ ਲੈ ਕੇ ਮੰਡੀਆਂ ਵਿੱਚ ਬੈਠੇ ਹਨ ਪਰ ਹੁਣ ਤੱਕ ਨਾ ਕੋਈ ਖ਼ਰੀਦ ਅਧਿਕਾਰੀ ਇਸ ਤੱਕ ਨਹੀਂ ਪੁੱਜਿਆ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ। ਇੱਥੋਂ ਤੱਕ ਕਿ ਪੀਣ ਦੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਅਤੇ ਪਖ਼ਾਨਿਆਂ ਦੀ ਸੁਵਿਧਾ ਹੋਣ ਤਾਂ ਦੂਰ ਦੀ ਗੱਲ ਜਾਪਦੀ ਹੈ।
ਦੱਸ ਦੱਈਏ ਕਿ ਕਿਸਾਨਾਂ ਨੂੰ ਰਾਤ ਭਰ ਮੰਡੀਆਂ ਵਿੱਚ ਆਵਾਰਾ ਪਸ਼ੁਆਂ ਤੋਂ ਆਪਣੀ ਫ਼ਸਲ ਦਾ ਬਚਾਅ ਕਰਨਾ ਪੈ ਰਿਹਾ ਹੈ ਅਤੇ ਚਾਰੇ ਪਾਸੇ ਮੰਡੀ ਵਿੱਚ ਸੜਕਾਂ ਉੱਤੇ ਕੂੜੇ ਦੇ ਢੇਰ ਨਜ਼ਰ ਦਿਖਾਈ ਦਿੰਦੇ ਹਨ।
ਇਸ ਮੌਕੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 3-4 ਦਿਨਾਂ ਤੋਂ ਉਹ ਆਪਣੀ ਫ਼ਸਲ ਲੈ ਕੇ ਮੰਡੀਆਂ ਵਿੱਚ ਆਏ ਹੋਏ ਹਨ ਪਰ ਕਿਸੇ ਵੀ ਅਧਿਕਾਰੀ ਨੇ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੇ ਪੀਣ ਦੇ ਪਾਣੀ, ਬਾਥਰੂਮ ਜਾਂ ਹੋਰ ਸੁਵਿਧਾਵਾਂ ਉਪਲੱਬਧ ਨਹੀਂ ਹੈ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਮੰਡੀਆਂ ਵਿੱਚ ਆਰਥਿਕ ਲੁੱਟ ਹੋ ਰਹੀ ਹੈ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਤੁਲਾਈ ਲਈ ਕੰਪਿਊਟਰ ਕੰਡੇ ਦਾ ਇਸਤੇਮਾਲ ਕੀਤਾ ਜਾਵੇਗਾ ਪਰ ਮੰਡੀ ਵਿੱਚ ਇੱਕ ਵੀ ਕੰਪਿਊਟਰ ਕੰਡਾ ਨਹੀਂ ਲਗਾਇਆ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਸੁਵਿਧਾਵਾਂ ਦਿੱਤੀਆ ਜਾਣ।
ਉਥੇ ਹੀ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਮੰਡੀ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਪ੍ਰਬੰਧ ਨਹੀਂ ਹਨ ਨਾ ਤਾਂ ਪੀਣ ਦਾ ਪਾਣੀ ਹੈ ਅਤੇ ਨਾ ਹੀ ਸਾਫ਼-ਸਫ਼ਾਈ ਹੈ। ਉਨ੍ਹਾਂ ਦੱਸਿਆ ਕਿ ਕਦੇ ਵੀ ਸਫ਼ਾਈ ਕਰਨ ਲਈ ਮੰਡੀ ਬੋਰਡ ਦੇ ਕਰਮਚਾਰੀ ਨਹੀਂ ਆਏ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹਨ ਅਵਾਰਾ ਪਸ਼ੁ ਘੁੰਮ ਰਹੇ ਹਨ ਜਿਸ ਕਰਕੇ ਹਰ ਸਮੇਂ ਹਾਦਸਾ ਵਾਪਰਣ ਦਾ ਡਰ ਬਣਿਆ ਰਹਿੰਦਾ ਹੈ।
ਜਦੋਂ ਇਸ ਬਾਰੇ ਫ਼ਾਜ਼ਿਲਕਾ ਦੇ ਡੀ.ਸੀ. ਅਰਵਿੰਦ ਪਾਲ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇਂ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਸਹੂਲਤਾਂ ਸਬੰਧੀ ਮੈਂ ਮੰਡੀ ਅਧਿਕਾਰੀਆਂ ਨੂੰ ਕਹਿ ਕੇ ਚੈੱਕ ਕਰਵਾਉਂਦਾ ਹਾਂ