ਚੰਡੀਗੜ੍ਹ : ਫਾਜ਼ਿਲਕਾ ਦੇ ਅਬੋਹਰ ਵਿਖੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਤਿਆਦੇਵ ਮਲੇਠੀਆ ਦੀ ਪੋਤੀ ਅਤੇ ਭਾਜਪਾ ਆਗੂ ਐਡਵੋਕੇਟ ਸਰਿਤਾ ਮਲੇਠੀਆ ਵਾਸੀ ਚੂੜੀਆਂਵਾਲਾ ਧੰਨਾ 'ਤੇ ਅੱਜ ਪਰਿਵਾਰਕ ਝਗੜੇ ਕਾਰਨ ਉਸ ਦੇ ਹੀ ਪਿਤਾ ਅਤੇ ਹੋਰ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਅਬੋਹਰ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪਰਿਵਾਰ ਨੇ ਬੰਧਕ ਬਣਾ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਵੱਢੀ ਲੱਤ : ਹਸਪਤਾਲ ਵਿੱਚ ਸਰਿਤਾ ਮਲੇਠੀਆ ਨੇ ਦੱਸਿਆ ਕਿ ਉਸ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਚੱਲ ਰਿਹਾ ਹੈ। ਅੱਜ ਵੀ ਜਦੋਂ ਉਹ ਥਾਣੇ 'ਚ ਪੰਚਾਇਤ ਕਰਵਾ ਕੇ ਘਰ ਪਹੁੰਚੀ ਤਾਂ ਉਸ ਦੇ ਪਿਤਾ, ਮਾਤਾ, ਭਰਾ ਅਤੇ ਭਰਜਾਈ ਨੇ ਉਸ ਨੂੰ ਘਰ 'ਚ ਬੰਧਕ ਬਣਾ ਕੇ ਉਨ੍ਹਾਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਉਸ ਦੀ ਇਕ ਲੱਤ ਵੱਢ ਦਿੱਤੀ ਗਈ ਅਤੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਵੀ ਹਮਲਾ ਕੀਤਾ ਗਿਆ।
ਫੋਨ ਰਾਹੀਂ ਐਸਐਸਪੀ ਤੇ ਡੀਸੀ ਨੂੰ ਦਿੱਤੀ ਜਾਣਕਾਰੀ, ਮੰਗਿਆ ਇਨਸਾਫ਼ : ਜਦੋਂ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਕਿਸੇ ਨੇ ਪੁਲਿਸ ਨੂੰ 108 ’ਤੇ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ 'ਤੇ ਆਈ ਤਾਂ ਉਸ ਦੇ ਪਿਤਾ ਹੀ ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲੈ ਕੇ ਗਏ ਅਤੇ ਉਹ ਉਸ ਨੂੰ ਛੱਡ ਕੇ ਭੱਜ ਗਏ। ਇੱਥੇ ਜ਼ਖ਼ਮੀ ਹਾਲਤ ਵਿੱਚ ਸਰਿਤਾ ਮਲੇਠੀਆ ਨੇ ਡੀਸੀ ਅਤੇ ਐਸਐਸਪੀ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇੱਥੇ ਜ਼ਖ਼ਮੀ ਹਾਲਤ ਵਿੱਚ ਸਰਿਤਾ ਮਲੇਠੀਆ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਡੀਸੀ ਅਤੇ ਐਸਐਸਪੀ ਨੂੰ ਫ਼ੋਨ ਰਾਹੀਂ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : Sidhu Visit Badal House: ਨਵਜੋਤ ਸਿੰਘ ਸਿੱਧੂ ਪਹੁੰਚੇ ਪਿੰਡ ਬਾਦਲ, ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਘਰੇਲੂ ਝਗੜੇ ਕਾਰਨ ਹੋਇਆ ਹਮਲਾ : ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਸਰਿਤਾ ਉਤੇ ਉਸ ਦੇ ਹੀ ਪਰਿਵਾਰ ਨੇ ਘਰੇਲੂ ਝਗੜੇ ਕਾਰਨ ਹਮਲਾ ਕੀਤਾ ਹੈ। ਪਹਿਲਾਂ ਉਸ ਨੂੰ ਘਰ ਬੁਲਾਇਆ ਫਿਰ ਬੰਧਕ ਬਣਾ ਕੇ ਉਸ ਦੇ ਪਿਤਾ, ਮਾਂ, ਭਰਾ ਤੇ ਭਰਜਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾ ਕਰਨ ਵਾਲਾ ਖੁਦ ਹੀ ਆਪਣੀ ਕੁੜੀ ਨੂੰ ਹਸਪਤਾਲ ਛੱਡ ਕੇ ਆਇਆ ਤੇ ਉਥੋਂ ਫਰਾਰ ਹੋ ਗਿਆ। ਇਸ ਸਾਰੇ ਵਰਤਾਰੇ ਪਿੱਛੇ ਕਾਰਨ ਕੀ ਸੀ, ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ।