ਫ਼ਾਜ਼ਿਲਕਾ : ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਪ੍ਰਭਾਤ ਸਿੰਘ ਵਾਲਾ ਵਿੱਚ ਡਿਊਟੀ ਦੇ ਦੌਰਾਨ ਸਵੇਰੇ ਜੀ.ਆਰ.ਪੀ ਪੁਲਿਸ ਦੇ ਏ.ਐਸ.ਆਈ ਬਲਜੀਤ ਸਿੰਘ ਦੀ ਮੌਤ ਹੋ ਗਈ। ਜੀ.ਆਰ.ਪੀ ਪੁਲਿਸ ਦੇ ਏ.ਐੱਸ.ਆਈ ਦੀ ਡਿਊਟੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਵਿੱਚ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਉਨ੍ਹਾਂ ਦੇ ਭਰਾ ਦੀ ਤਬੀਅਤ ਖ਼ਰਾਬ ਹੈ, ਤੁਸੀਂ ਜਲਦੀ ਇੱਥੇ ਪੁੱਜੋ। ਅਸੀਂ ਜਦੋਂ ਹਸਪਤਾਲ ਵਿੱਚ ਪਹੁੰਚੇ ਤਾਂ ਮੇਰੇ ਭਰਾ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਸੀ ਕਿ ਬਲਜੀਤ ਸਿੰਘ ਏ.ਐਸ.ਆਈ ਜੋ ਪਿੰਡ ਪ੍ਰਭਾਤ ਸਿੰਘ ਵਾਲਾ ਵਿੱਚ ਡਿਊਟੀ ਉੱਤੇ ਤਾਇਨਾਤ ਸੀ। ਸਵੇਰੇ ਆਪਣੀ ਪਤਨੀ ਨਾਲ ਫੋਨ ਤੇ ਗੱਲ ਕਰਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਪੁਲਿਸ ਉਸ ਨੂੰ ਹਸਪਤਾਲ ਲੈ ਗਈ ਪਰ ਹਸਪਤਾਲ ਪਹੁੰਚਦੇ ਸਾਰ ਹੀ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ ਦਰਜ ਕਰ ਲਏ ਗਏ ਹਨ ਅਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।