ਫ਼ਾਜ਼ਿਲਕਾ: ਪੰਜਾਬ ਸਰਕਾਰ ਦੇ ਹੋਲੀ ਬੰਪਰ ਦੀ ਡੇਢ ਕਰੋਡ਼ ਦੀ ਲਾਟਰੀ ਫਾਜਿਲਕਾ ਨਿਵਾਸੀ ਸਵਰਣ ਸਿੰਘ ਜਿੱਤ ਗਿਆ ਹੈ। ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿੱਚ ਬਤੌਰ ਕਲਰਕ ਤਾਇਨਾਤ ਸਰਵਣ ਸਿੰਘ ਕਰੋੜਪਤੀ ਬਣ ਗਿਆ ਹੈ। ਉਸ ਦੇ ਘਰ ਵਧਾਈ ਦੇਣ ਲਈ ਰਿਸ਼ਤੇਦਾਰ ਤੇ ਆਢ-ਗੁਆਂਢ ਪਹੁੰਚ ਰਹੇ ਹਨ।
ਸਰਵਣ ਸਿੰਘ ਦੇ ਪਰਿਵਾਰ ਚ ਉਸ ਦੀ ਪਤਨੀ ਤੇ ਦੋ ਪੁੱਤਰ ਹਨ। ਇੱਕ ਪੁੱਤਰ ਈਟੀਟੀ ਟੈੱਟ ਪਾਸ ਹੈ ਅਤੇ ਦੂਜਾ ਪੁੱਤਰ ਪੰਜਾਬ ਯੂਨੀਵਰਸਿਟੀ ਤੋ ਮਿਊਜਿਕ ਦੀ ਡਿਗਰੀ ਲੈ ਕੇ ਮਿਊਜਿਕ ਦਾ ਰਿਆਜ ਕਰ ਰਿਹਾ ਹੈ।
ਸਵਰਣ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੰਜਾਬ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਵਿੱਚ ਬਤੌਰ ਕਲਰਕ ਕੰਮ ਕਰਦਾ ਹੈ ਅਤੇ ਆਉਣ ਵਾਲੀ 31 ਮਾਰਚ ਨੂੰ ਉਹ ਰਿਟਾਇਰ ਹੋਣ ਵਾਲੇ ਹਨ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਲਾਟਰੀ ਨਿਕਲੀ ਹੈ ਤਾਂ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਰਵਣ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਪੁੱਤਰ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਹੁਣ ਉਹ ਇਨ੍ਹਾਂ ਪੈਸਿਆਂ ਨਾਲ ਬਿਜਨਸ ਕਰਨਗੇ ਤੇ ਲੋਕ ਭਲਾਈ ਦੇ ਕੰਮ ਵੀ ਕਰਨਗੇ।
ਉਥੇ ਹੀ ਸਵਰਣ ਸਿੰਘ ਦੇ ਦੋਵਾਂ ਪੁੱਤਰਾਂ ਨੇ ਕਿਹਾ ਕਿ ਉਹ ਰੱਬ ਦਾ ਧੰਨਵਾਦ ਕਰਦੇ ਹਨ। ਲਾਟਰੀ ਦੇ ਪੈਸਿਆਂ ਨਾਲ ਮਿਊਜ਼ਿਕ ਸਿਖ ਰਿਹਾ ਲੜਕਾ ਆਪਣੀ ਐਲਬਮ ਕੱਢਣ ਬਾਰੇ ਵੀ ਵਿਚਾਰ ਕਰ ਸਕਦਾ ਹੈ।