ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਸੇ ਦੇ ਤਹਿਤ ਅੱਜ ਫ਼ਤਿਹਗੜ੍ਹ ਸਾਹਿਬ ਵਿਖੇ ਅਕਾਲੀ ਦਲ ਦੇ ਬੀ.ਸੀ. ਵਿੰਗ ਨੇ ਮੀਟਿੰਗ ਕੀਤੀ।
ਇਸ ਮੀਟਿੰਗ ਦੀ ਅਗਵਾਈ ਬੀ.ਸੀ. ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆਂ ਨੇ ਕੀਤੀ। ਗਾਬੜੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੀਆਂ ਕੌਮਾਂ, ਸਾਰੇ ਧਰਮਾਂ ਅਤੇ ਸਾਰੇ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਾਲਾ ਦੇ ਮਣਕੇ ਬਣਾਉਣ ਵਾਸਤੇ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਾਂਗਰਸ ਸਰਕਾਰ ਉੱਤੇ ਦੋਸ਼ ਲਾਏ ਹਨ ਕਿ ਸਰਕਾਰ ਪੱਛੜੀਆਂ ਸ਼੍ਰੇਣੀਆਂ ਨਾਲ ਬਹੁਤ ਹੀ ਧੱਕਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੋ ਸਹੂਲਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਪੱਛੜੀਆਂ ਸ਼੍ਰੇਣੀਆਂ ਨੂੰ ਦਿੱਤੀਆਂ ਗਈਆਂ ਸਨ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਵਾਪਸ ਲੈ ਲਈਆਂ।
ਹਲਕਾ ਫ਼ਤਿਹਗੜ੍ਹ ਸਾਹਿਬ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਅਮਲੋਹ ਦੇ ਇੰਚਾਰਜ਼ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਬੱਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਪੱਛੜੀਆਂ ਸ਼੍ਰੇਣੀਆਂ ਦੇ ਨਵੇਂ ਗਠਿਤ ਹੋਣ ਵਾਲੀਆਂ ਜਥੇਬੰਦੀਆਂ ਲਈ ਜਥੇਬੰਦੀ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆਂ ਨੂੰ ਆਪਣੇ ਵੱਲੋਂ ਪੂਰਾ ਬਣਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਸਮੁੱਚੇ ਵਿੰਗ ਰਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ਼ ਨੂੰ ਹੋਰ ਮਜ਼ਬੂਤ ਕਰਨਗੇ ।