ਸ੍ਰੀ ਫਤਿਹਗੜ੍ਹ ਸਾਹਿਬ: ਸੂਬਾ ਸਰਕਾਰ ਸੜਕਾਂ ਦੇ ਜਾਲ ਵਿਛਾਉਣ ਦੇ ਦਾਅਵੇ ਕਰਦੀ ਹੈ ਤੇ ਜਿਸ ਦੇ ਪੰਜਾਬ ਵਿੱਚ ਥਾਂ-ਥਾਂ 'ਤੇ ਫਲੈਕਸ ਬੋਰਡ ਵੀ ਲੱਗੇ ਦਿਖਾਈ ਦਿੰਦੇ ਹਨ। ਪਰ ਇਹ ਦਾਅਵੇ ਉਦੋਂ ਖ਼ੋਖਲੇ ਜਾਪਦੇ ਹਨ ਜਦੋਂ ਸੜਕਾਂ ਵਿੱਚ ਵੱਡੇ-ਵੱਡੇ ਟੋਏ ਦਿਖਾਈ ਦਿੰਦੇ ਹਨ। ਅਜਿਹੇ ਦਾਅਵਿਆਂ ਦੀ ਸਰਹਿੰਦ ਦੀਆਂ ਸੜਕਾਂ ਵਿੱਚ ਪਏ ਵੱਡੇ-ਵੱਡੇ ਟੋਏ ਪੋਲ ਖੋਲ੍ਹ ਰਹੇ ਹਨ।
ਦੱਸ ਦਈਏ ਕਿ ਸਰਹਿੰਦ ਦੇ ਜੀਟੀ ਰੋਡ 'ਤੇ ਬਣੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਵਾਲੀ ਸੜਕ 'ਤੇ ਵੱਡੇ-ਵੱਡੇ ਟੋਏ ਵੇਖਣ ਨੂੰ ਮਿਲਦੇ ਹਨ ਜਿਸ ਕਾਰਨ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਸ ਬਾਰੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਹਿੰਦ ਵਿੱਚ ਨਵਾਂ ਬੱਸ ਸਟੈਂਡ ਤਾਂ ਬਣ ਗਿਆ ਪਰ ਉਸ ਦੇ ਬਿਲਕੁਲ ਸਾਹਮਣੇ ਬਣੀ ਸੜਕ ਦੀ ਹਾਲਤ ਖ਼ਸਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸੜਕਾਂ ਬਣਾਉਣ ਦੇ ਦਾਅਵੇ ਤਾਂ ਕਰਦੀ ਹੈ ਪਰ ਅਸਲ ਵਿੱਚ ਕੁਝ ਵਿਕਾਸ ਨਹੀਂ ਕੀਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਟੋਇਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਕਈ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਤੇ ਜਿਸ ਦੇ ਚਲਦਿਆਂ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਵੱਡੇ ਹਾਦਸੇ ਦੇ ਹੋਣ ਤੋਂ ਬਚਿਆ ਜਾ ਸਕੇ।