ਸ੍ਰੀ ਫਤਿਹਗੜ੍ਹ ਸਾਹਿਬ: ਅੱਜ ਪੰਜਾਬ ਵਿੱਚ ਬਹੁਤ ਸਾਰੀਆਂ ਵਿਰਾਸਤਾਂ ਖੰਡਰ ਹੋ ਰਹੀਆਂ ਹਨ, ਜਿਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਕੋਈ ਹੰਭਲਾ ਨਹੀਂ ਮਾਰ ਰਹੀ। ਪੰਜਾਬ ਦਾ ਇਕਲੌਤਾ ਫਲੋਟਿੰਗ ਰੈਸਟੋਰੈਂਟ ਵੀ ਹੁਣ ਲਗਭਗ ਬੰਦ ਹੋ ਚੁੱਕਿਆ।
ਫਲੋਟਿੰਗ ਰੈਸਟੋਰੈਂਟ 22 ਜੂਨ 1976 ਦੇ ਵਿੱਚ ਬਣਾਇਆ ਗਿਆ
ਇਹ ਫਲੋਟਿੰਗ ਰੈਸਟੋਰੈਂਟ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਦੇ ਵਿਚਕਾਰ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਭਾਖੜਾ ਨਹਿਰ ਦੇ ਬਿਲਕੁਲ ਵਿਚਕਾਰ ਪਾਣੀ ਦੇ ਵਿੱਚ ਬਣਿਆ ਹੋਇਆ ਹੈ, ਜਿਸ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ 22 ਜੂਨ 1976 ਦੇ ਵਿੱਚ ਬਣਾਇਆ ਗਿਆ ਸੀ। ਭਾਖੜਾ ਨਹਿਰ ਦੇ ਵਿੱਚ ਬਣਿਆ ਇਹ ਰੈਸਟੋਰੈਂਟ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ, ਉੱਥੇ ਹੀ ਇਹ ਰੈਸਟੋਰੈਂਟ ਫਤਿਹਗੜ੍ਹ ਸਾਹਿਬ ਦੀ ਇੱਕ ਪਹਿਚਾਣ ਵੀ ਸੀ।
ਲਾਹੌਰ ਤੋਂ ਦਿੱਲੀ ਜਾਣ ਵਾਲੀ ਬੱਸ ਸਿਰਫ ਇਸ ਰੈਸਟੋਰੈਂਟ 'ਤੇ ਰੁਕਦੀ ਸੀ
ਤੁਹਾਨੂੰ ਦੱਸ ਦੇਈਏ ਕਿ ਇਸ ਰੈਸਟੋਰੈਂਟ 'ਤੇ ਲਾਹੌਰ ਤੋਂ ਦਿੱਲੀ ਜਾਣ ਵਾਲੀ ਬੱਸ ਵੀ ਇੱਥੇ ਹੀ ਰੁਕਦੀ ਹੈ, ਜਿੱਥੇ ਯਾਤਰੀ ਖਾਣਾ ਖਾਂਦੇ ਸਨ ਅਤੇ ਇਸ ਤੋਂ ਬਾਅਦ ਇਹ ਬੱਸ ਦਿੱਲੀ ਜਾਕੇ ਰੁਕਦੀ ਸੀ।
ਰੈਸਟੋਰੈਂਟ 'ਤੇ ਕੰਮ ਕਰਨ ਵਾਲੇ ਵਰਕਰਾਂ ਦਾ ਕੰਮ ਖੁੱਸਿਆ
ਜਦੋਂ ਇਹ ਰੈਸਟੋਰੈਂਟ ਚੱਲਦਾ ਸੀ, ਉਸ ਸਮੇਂ ਇੱਥੇ 40 ਦੇ ਕਰੀਬ ਵਰਕਰ ਕੰਮ ਕਰਦੇ ਸਨ ਅਤੇ ਇੱਥੇ ਵੱਡੀ ਤਾਦਾਦ ਵਿੱਚ ਲੋਕ ਇਸ ਸੁੰਦਰ ਦ੍ਰਿਸ਼ ਦਾ ਨਜ਼ਾਰਾ ਲੈਣ ਦੇ ਲਈ ਰੁਕਦੇ ਸਨ। ਲੋਕਾਂ ਦਾ ਕਹਿਣਾ ਸੀ ਕਿ ਇੱਥੇ ਜਦੋਂ ਲੋਕ ਖਾਣਾ-ਖਾਣ ਦੇ ਲਈ ਆਉਂਦੇ ਸਨ ਤਾਂ ਉਨ੍ਹਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਜਦੋਂ ਦਾ ਨੈਸ਼ਨਲ ਹਾਈਵੇਅ 'ਤੇ ਪੁਲ ਬਣਿਆ ਹੈ, ਉਸ ਤੋਂ ਬਾਅਦ ਇਸ ਰੈਸਟੋਰੈਂਟ 'ਤੇ ਆਉਣ ਵਾਲਿਆਂ ਦੀ ਗਿਣਤੀ ਘੱਟਦੀ ਹੀ ਗਈ ਅਤੇ ਹੌਲੀ ਹੌਲੀ ਇਹ ਬੰਦ ਹੋ ਗਿਆ।
ਕਿਸੇ ਸਮੇਂ ਇੱਕ ਦਿਨ 'ਚ ਹੁੰਦੀ ਸੀ 40 ਤੋਂ 50 ਹਜ਼ਾਰ ਦੀ ਕਮਾਈ
ਜਦੋਂ ਇਹ ਰੈਸਟੋਰੈਂਟ ਚੱਲਦਾ ਸੀ ਤਾਂ ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਕਮਾਈ ਹੁੰਦੀ ਸੀ ਪਰ ਹੌਲੀ-ਹੌਲੀ ਇਹ ਕਮਾਈ 5 ਤੋਂ 6 ਹਜ਼ਾਰ ਹੀ ਰਹਿ ਗਈ। ਇੱਥੇ ਕੋਈ ਰਸਤਾ ਨਾ ਹੋਣ ਦੇ ਕਾਰਨ ਇਸ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਨੂੰ ਫਿਰ ਤੋਂ ਚਲਾਉਣ ਦੇ ਲਈ ਇੱਥੇ ਆਉਣ ਦੇ ਲਈ ਰਸਤੇ ਦੀ ਜ਼ਰੂਰਤ ਹੈ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਇਸ ਦੀ ਮੁਰੰਮਤ ਦੇ ਲਈ 63 ਲੱਖ ਰੁਪਏ ਦਿੱਤੇ ਗਏ ਸੀ ਅਤੇ ਉਸ ਤੋਂ ਬਾਅਦ ਜਦੋਂ ਟੂਰਿਜ਼ਮ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਨ, ਉਨ੍ਹਾਂ ਵੱਲੋਂ 60 ਲੱਖ ਰੁਪਿਆ ਨੂੰ ਦਿੱਤਾ ਗਿਆ ਸੀ, ਜਿਸ ਨੂੰ ਮਿਲਾ ਕੇ ਇੱਕ ਕਰੋੜ 23 ਲੱਖ ਹੋ ਗਿਆ ਹੈ, ਪਰ ਫਿਰ ਵੀ ਰੈਸਟੋਰੈਂਟ ਚੱਲ ਨਹੀਂ ਸਕਿਆ।
ਫਤਿਹਗੜ੍ਹ ਸਾਹਿਬ ਦੀ ਪਛਾਣ ਸੀ ਰੈਸਟੋਰੈਂਟ
ਜਦੋਂ ਰੈਸਟੋਰੈਂਟ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਰੈਸਟੋਰੈਂਟ ਦੇ ਨਾਲ ਟੂਰਿਜ਼ਮ ਦੇ ਤੌਰ 'ਤੇ ਫਤਿਹਗੜ੍ਹ ਸਾਹਿਬ ਦੀ ਪਹਿਚਾਣ ਵਧੀ ਹੈ, ਇੱਥੇ ਜੋ ਲੋਕ ਪਾਕਿਸਤਾਨ ਆਉਂਦੇ ਹਨ ਉਹ ਇਸ ਨੂੰ ਰੈਸਟੋਰੈਂਟ ਦੇ ਤੌਰ 'ਤੇ ਵੀ ਜਾਣਦੇ ਹਨ, ਇਹ ਰੈਸਟੋਰੈਂਟ ਬੰਦ ਹੋ ਜਾਣ ਨਾਲ ਇੱਥੇ ਕੰਮ ਕਰਨ ਵਾਲੇ ਕਾਰੀਗਰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਜ਼ਿਲ੍ਹੇ ਦੀ ਪਹਿਚਾਣ ਬਰਕਰਾਰ ਰੱਖਣ ਦੇ ਇਸ ਰੈਸਟੋਰੈਂਟ ਨੂੰ ਚੱਲਦਾ ਰੱਖਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਦਾ ਨਜ਼ਾਰਾ ਲੈ ਸਕਣ।
ਇਸ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਆਈ ਹੈ, ਇਸ ਨੇ ਟੂਰਿਜ਼ਮ ਨੂੰ ਵਧਾਉਣਾ ਤਾਂ ਕੀ ਸੀ ਪਰ ਟੂਰਿਜ਼ਮ ਨੂੰ ਬੰਦ ਹੀ ਕਰਨ 'ਤੇ ਲੱਗੇ ਹੋਏ ਹਨ।
ਜੇਕਰ ਗੱਲ ਭਾਖੜਾ ਨਹਿਰ 'ਤੇ ਬਣੇ ਫਲੋਟਿੰਗ ਰੈਸਟੋਰੈਂਟ ਦੀ ਕੀਤੀ ਜਾਵੇ ਤਾਂ ਇਸ ਦੇ ਨਾਲ ਸਰਕਾਰ ਨੂੰ ਪਹਿਲਾਂ ਵਧੀਆ ਆਮਦਾਨ ਹੋ ਰਹੀ ਸੀ। ਅਕਾਲੀ ਦਲ ਦੀ ਸਰਕਾਰ ਦੇ ਮੌਕੇ ਇਸ ਦੀ ਮੁਰੰਮਤ ਦੇ ਲਈ ਕਰੀਬ 63 ਲੱਖ ਰੁਪਏ ਵੀ ਖਰਚ ਕੀਤੇ ਸਨ, ਜਿਸਦੇ ਨਾਲ ਨਵੇਂ ਕਮਰੇ ਅਤੇ ਹੋਰ ਕੰਮ ਕਰਨ ਦੇ ਲਈ ਖਰਚ ਕੀਤੇ ਸਨ, ਪਰ ਕਾਂਗਰਸ ਸਰਕਾਰ ਨੇ ਇੱਥੇ ਕੋਈ ਰਸਤਾ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ, ਜਿਸ ਦੇ ਨਾਲ ਫਲੋਟਿੰਗ ਰੈਸਟੋਰੈਂਟ ਇੱਕ ਯਾਦ ਬਣ ਕੇ ਰਹਿ ਜਾਵੇਗਾ।
ਉੱਥੇ ਹੀ ਪੰਜਾਬ ਦੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਰੈਸਟੋਰੈਂਟ ਦੇ ਬੰਦ ਹੋਣ ਦਾ ਕਾਰਨ ਨੈਸ਼ਨਲ ਹਾਈਵੇਅ ਬਣਨਾ ਹੈ, ਜਿਸ ਨਾਲ ਇੱਥੇ ਜਾਣ ਲਈ ਕੋਈ ਰਸਤਾ ਨਹੀਂ ਜਾ ਰਿਹਾ ਪਰ ਇਸ ਨੂੰ ਫਿਰ ਤੋਂ ਸਰਕਾਰ ਦੇ ਵੱਲੋਂ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ।