ਲੁਧਿਆਣਾ: ਮਾਂ ਬੋਲੀ ਪੰਜਾਬੀ ਨੂੰ ਜਿੱਥੇ ਪੰਜਾਬ 'ਚ ਹੀ ਘੱਟ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਖੇੜੀ ਝਮੇੜੀ ਸਰਕਾਰੀ ਸਕੂਲ ਦੇ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਅੱਜ ਕੱਲ੍ਹ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਅਧਿਆਪਕ ਨੇ ਬੱਚਿਆਂ ਨੂੰ ਪੜਾਉਣ ਦਾ ਅਜਿਹਾ ਤਰੀਕਾ ਲੱਭਿਆ ਹੈ ਜਿਸ ਨਾਲ ਬੱਚੇ ਸਿਰਫ਼ ਪੰਜਾਬੀ ਬੋਲਣੀ, ਲ਼ਿਖਣੀ ਹੀ ਨਹੀਂ ਸਿੱਖ ਰਹੇ ਬਲਕਿ ਪੰਜਾਬੀ ਦੇ ਅੱਖਰ ਉਨ੍ਹਾਂ ਦੇ ਦਿਲ ਤੱਕ ਪਹੁੰਚ ਰਹੇ ਹਨ।ਇਹ ਬੱਚਿਆਂ ਨੂੰ ਮੁਹਾਰਨੀ ਨਾਲ ਪੰਜਾਬੀ ਭਾਸ਼ਾ ਸਿਖਾ ਰਹੇ ਹਨ।
ਕਿਹੜੇ-ਕਿਹੜੇ ਸਨਮਾਨ ਮਿਲੇ
ਅਧਿਆਪਕ ਗਰੇਵਾਲ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲੇਖੇ ਲਾ ਦਿੱਤੀ ਹੈ। ਇਹੀ ਕਾਰਨ ਹੈ ਕਿ ਪਹਿਲਾਂ ਉਹਨਾਂ ਨੂੰ ਨੈਸ਼ਨਲ ਅਵਾਰਡ ਅਤੇ ਫਿਰ ਸਟੇਟ ਅਵਾਰਡ ਨਾਲ ਨਿਵਾਜਿਆ ਗਿਆ। ਦੋਵੇਂ ਅਵਾਰਡ ਜਿੱਤਣ ਵਾਲੇ ਉਹ ਇਕਲੋਤੇ ਪੰਜਾਬ ਦੇ ਅਧਿਆਪਕ ਹਨ। ਹਾਲ ਹੀ ਦੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਖਾਲਸਾ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਰਤਨ ਦਾ ਐਵਾਰਡ ਦਿੱਤਾ ਗਿਆ ਹੈ। ਇੰਨ੍ਹਾਂ ਹੀ ਨਹੀਂ ਉਹ 10 ਕਿਤਾਬਾਂ ਵੀ ਲਿਖ ਚੁੱਕੇ ਹਨ। ਪੰਜਾਬੀ ਸਾਹਿਤ ਅਕੈਡਮੀ ਵੱਲੋਂ ਉਨਾਂ ਦੀ ਪੁਸਤਕ ਨੂੰ ਸਰਵੋਤਮ ਪੁਸਤਕ ਦਾ ਅਵਾਰਡ ਦਿੱਤਾ ਜਾ ਚੁੱਕਾ ਹੈ। ਉਹਨਾਂ ਵੱਲੋਂ ਲਿਖੀਆਂ ਗਈਆਂ ਰਚਨਾਵਾਂ ਪੰਜਾਬੀ ਦੇ ਸਿਲੇਬਸ ਦੇ ਵਿੱਚ ਪੜ੍ਹਾਈ ਜਾਂਦੀਆਂ ਹਨ। ਪਿਛਲੇ 15 ਸਾਲ ਤੋਂ ਉਹ ਪੰਜਾਬੀ ਭਾਸ਼ਾ ਨੂੰ ਪੜ੍ਹਾਉਣ ਦੇ ਆਪਣੇ ਵੱਖਰੇ ਢੰਗ ਨਾਲ ਜਾਣੇ ਜਾਂਦੇ ਹਨ। ਕਰਮਜੀਤ ਗਰੇਵਾਲ ਪੰਜਾਬੀ ਭਾਸ਼ਾ ਵਿਦਿਆਰਥੀਆਂ ਨੂੰ ਮੁਹਾਰਨੀ ਦੇ ਨਾਲ ਸਿਖਾਉਂਦੇ ਹਨ ਭਾਵ ਕਿ ਗਾ-ਗਾ ਕੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਂਦੇ ਨੇ ਜਿਸ ਕਰਕੇ ਬੱਚੇ ਛੇਤੀ ਸਿੱਖ ਜਾਂਦੇ ਹਨ।
ਸੋਸ਼ਲ ਮੀਡੀਆ 'ਤੇ ਐਕਟਿਵ
ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵੀ ਕਰਮਜੀਤ ਗਰੇਵਾਲ ਕਾਫੀ ਐਕਟਿਵ ਹਨ। ਉਹਨਾਂ ਦੀਆਂ ਵੀਡੀਓਜ ਦੇ ਲੱਖਾਂ ਵਿਊ ਹਨ। ਸਿਰਫ ਉਹ ਪੰਜਾਬ ਜਾਂ ਭਾਰਤ ਤੱਕ ਹੀ ਸੀਮਿਤ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਲਈ ਉਹਨਾਂ ਦੀ ਲਗਨ ਲਈ ਉਹਨਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਿਛਲੇ 11 ਸਾਲ ਤੋਂ ਲੁਧਿਆਣਾ ਦੇ ਖੇੜੀ ਝਮੇੜੀ ਸੀਨੀਅਰ ਸੈਕੰਡਰੀ ਹਾਈ ਸਕੂਲ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ। ਅੱਜ ਵੀ ਉਹ ਭਾਵੇਂ ਵੱਡੀ ਕਲਾਸ ਦੇ ਵਿਦਿਆਰਥੀ ਹੋਣ ਜਾਂ ਫਿਰ ਛੋਟੀਆਂ ਕਲਾਸਾਂ ਦੇ ਇਸੇ ਤਰ੍ਹਾਂ ਪੰਜਾਬੀ ਪੜਾਉਂਦੇ ਅਤੇ ਸਮਝਾਉਂਦੇ ਹਨ। ਜਿਸ ਨਾਲ ਬੱਚਿਆਂ ਦਾ ਪੰਜਾਬੀ ਭਾਸ਼ਾ ਦੇ ਨਾਲ ਲਗਾਅ ਬਣ ਜਾਂਦਾ ਹੈ। ਸਿਰਫ ਪੰਜਾਬੀ ਭਾਸ਼ਾ ਬੋਲਣ ਵਾਲੇ ਜਾਂ ਫਿਰ ਪੰਜਾਬ ਦੇ ਵਿੱਚ ਰਹਿਣ ਵਾਲੇ ਵਿਦਿਆਰਥੀ ਹੀ ਨਹੀਂ ਸਗੋਂ ਸਕੂਲ ਦੇ ਵਿੱਚ ਪ੍ਰਵਾਸੀ ਵਿਦਿਆਰਥੀ ਵੀ ਵੱਡੀ ਗਿਣਤੀ ਦੇ ਵਿੱਚ ਪੜ੍ਹਦੇ ਨੇ ਜਿੰਨਾਂ ਨੂੰ ਪੰਜਾਬੀ ਇੱਕ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ ਪਰ ਹਿੰਦੀ ਪਿਛੋਕੜ ਹੋਣ ਕਰਕੇ ਉਹ ਪੰਜਾਬੀ ਸਿੱਖਣ 'ਚ ਪਰੇਸ਼ਾਨ ਹੁੰਦੇ ਸੀ ਪਰ ਅਧਿਆਪਕ ਕਰਮਜੀਤ ਗਰੇਵਾਲ ਨੇ ਉਹਨਾਂ ਦੀ ਇਹ ਮੁਸ਼ਕਿਲ ਨੂੰ ਸੋਖਾ ਕਰ ਦਿੱਤਾ ਅਤੇ ਹੁਣ ਉਹ ਹਿੰਦੀ ਨਾਲੋਂ ਜਿਆਦਾ ਚੰਗੀ ਪੰਜਾਬੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।
ਜ਼ਿੰਦਗੀ ਦਾ ਮਕਸਦ
ਕਰਮਜੀਤ ਗਰੇਵਾਲ ਨੇ ਦੱਸਿਆ ਕਿ ਉਹਨਾਂ ਦਾ ਜ਼ਿੰਦਗੀ ਦਾ ਇਹੀ ਮਕਸਦ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇ। ਇੱਕ ਪਾਸੇ ਜਿੱਥੇ ਅੱਜ ਕੱਲ ਦੇ ਮਾਪੇ ਕਾਨਵੈਂਟ ਸਕੂਲਾਂ ਜਾਂ ਅੰਗਰੇਜ਼ੀ ਸੱਭਿਆਚਾਰ ਨੂੰ ਅਪਣਾਉਣ 'ਚ ਲੱਗੇ ਹੋਏ ਨੇ ਉੱਥੇ ਹੀ ਅਧਿਆਪਕ ਕਰਮਜੀਤ ਗਰੇਵਾਲ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ 'ਚ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਅਤੇ ਕਿਸੇ ਹੱਦ ਤੱਕ ਕਾਮਯਾਬ ਵੀ ਰਹੇ ਹਨ। ਕਰਮਜੀਤ ਗਰੇਵਾਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਸਿਖਾਉਣਾ ਬਹੁਤ ਹੀ ਸੌਖਾ ਹੈ ।ਉਹਨਾਂ ਕਿਹਾ ਕਿ ਜਦੋਂ ਅਸੀਂ ਬੱਚਿਆਂ ਨੂੰ ਮੁਹਾਰਨੀ ਨਾਲ ਪੰਜਾਬੀ ਸਿਖਾਉਂਦੇ ਹਾਂ ਤਾਂ ਉਨਾਂ ਦੇ ਸਿੱਧਾ ਦਿਲ ਤੱਕ ਪਹੁੰਚਦੀ ਹੈ।
ਪੰਜਾਬੀ ਤੋਂ ਸਭ ਸੌਖੀ
ਉੱਥੇ ਹੀ ਜਦੋਂ ਅਸੀਂ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬੀ ਵਿਸ਼ਾ ਸਭ ਕੁਝ ਸੌਖਾ ਲੱਗਦਾ ਹੈ ਕਿਉਂਕਿ ਪਹਿਲਾਂ ਵੀ ਉਹਨਾਂ ਨੂੰ ਪੰਜਾਬੀ ਵੱਲ ਕਾਫੀ ਰੁਝਾਨ ਸੀ ਪਰ ਜਦੋਂ ਤੋਂ ਉਹਨਾਂ ਨੇ ਅਧਿਆਪਕ ਕਰਮਜੀਤ ਗਰੇਵਾਲ ਕੋਲ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪੰਜਾਬੀ ਹੋਰ ਵੀ ਆਪਣੀ ਲੱਗਣ ਲੱਗ ਗਈ। ਜਿਸ ਕਰਕੇ ਹੁਣ ਉਹ ਵੀ ਚਾਹੁੰਦੇ ਹਨ ਕਿ ਵੱਡੇ ਹੋ ਕੇ ਪੰਜਾਬੀ ਦੇ ਅਧਿਆਪਕ ਬਣਨ ਤਾਂ ਜੋ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਵੱਧ ਤੋਂ ਵੱਧ ਕੀਤਾ ਜਾ ਸਕੇ।
- ਮੁੱਖ ਮੰਤਰੀ ਦੇ ਸ਼ਹਿਰ 'ਚ ਕੁੜੀਆਂ ਦੀਆਂ ਲਾਹੀਆਂ ਚੁੰਨੀਆਂ ਅਤੇ ਸਰਦਾਰਾਂ ਦੀਆਂ ਪੱਗਾਂ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ
- ਮਨਪ੍ਰੀਤ ਬਾਦਲ ਨੇ ਹਾਰ ਤੋਂ ਬਾਅਦ ਵੰਡੇ ਲੱਡੂ, ਰਾਜਾ ਵੜਿੰਗ ਤੇ ਸਾਧੇ ਨਿਸ਼ਾਨੇ- ਕਿਹਾ- ਜ਼ਿਮਨੀ ਚੋਣਾਂ 'ਚ ਅੰਮ੍ਰਿਤਾ ਵੜਿੰਗ ਨਹੀਂ, ਉਸ ਦਾ ਹੰਕਾਰ ਹਾਰਿਆ ਹੈ
- ਇੱਕ ਵਾਰ ਫਿਰ ਫ਼ਸੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇ ਪੇਚ, ਕਾਂਗਰਸ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ