ਸ੍ਰੀ ਫ਼ਤਿਹਗੜ੍ਹ ਸਾਹਿਬ:ਪਾਕਿਸਤਾਨ 'ਚ ਭੀੜ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ 'ਤੇ ਪੂਰੇ ਪੰਜਾਬ ਭਰ 'ਚ ਵਿਰੋਧ ਚੱਲ ਰਿਹਾ ਹੈ। ਇਸ ਸਬੰਧੀ ਸ਼ਹਿਰ 'ਚ ਭਾਜਪਾ ਪਾਰਟੀ ਵੱਲੋਂ ਅਮਲੋਹ ਵਿਖੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਦਾ ਵਿਰੋਧ ਕੀਤਾ ਗਿਆ। ਭਾਜਪਾ ਆਗੂਆਂ ਵੱਲੋਂ ਇਮਰਾਨ ਖ਼ਾਨ ਦਾ ਪੁਤਲਾ ਸਾੜਿਆ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਹੁਣ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ ਜੋ ਕਿ ਬੇਹਦ ਹੀ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਸ ਹਰਕਤ ਨਾਲ ਪੂਰੇ ਦੇਸ਼ ਵਾਸੀਆਂ ਨੂੰ ਠੇਸ ਪੁੱਜੀ ਹੈ। ਦੱਸਦਈਏ ਕਿ ਜ਼ਿਲ੍ਹਾ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਇਹ ਸਭ ਰਲੇ ਹੋਏ ਹਨ ਅਤੇ ਧਰਮ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕ ਰਹੇ ਹਨ।