ਸ਼੍ਰੀ ਫ਼ਤਿਹਗੜ੍ਹ ਸਾਹਿਬ: ਲੋਕ ਸਭਾ ਚੋਣਾਂ 2019 ਦੇ ਆਖ਼ਰੀ ਪੜਾਅ ਦੇ ਚੋਣ ਪ੍ਰਚਾਰ ਦੀ ਸਮਾਪਤੀ 'ਚ ਕੁੱਝ ਹੀ ਘੰਟੇ ਬਚੇ ਹਨ ਅਤੇ ਹਰ ਪਾਰਟੀ ਉਮੀਦਵਾਰ ਪੂਰੇ ਜੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ। ਇਸੇ ਲੜੀ 'ਚ ਪੰਜਾਬ ਜਮਹੂਰੀ ਗਠਜੋੜ ਦੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਅਮਲੋਹ ਹਲਕੇ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲ ਦੇ ਆਧਾਰ 'ਤੇ ਸਿੱਖਿਆ ਅਤੇ ਸਿਹਤ ਦੀ ਹਲਕੇ 'ਚ ਮਜਬੂਤੀ ਲਈ ਕੰਮ ਕਰਨਗੇ।
ਗਿਆਸਪੁਰਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਕਾਫ਼ੀ ਪਿਛੜਿਆ ਖ਼ੇਤਰ ਹੈ ਜਿੱਥੇ ਬੇਹਤਰ ਸਿੱਖਿਆ ਅਤੇ ਬੇਹਤਰ ਸਿਹਤ ਨਾਮ ਦੀ ਕੋਈ ਚੀਜ ਨਜ਼ਰ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਐੱਸਸੀ ਹਲਕਾ ਹੋਣ ਦੇ ਚਲਦਿਆਂ ਉਹ ਇਸ ਹਲਕੇ ਦੇ ਬੇਹਤਰ ਵਿਕਾਸ ਲਈ ਪੂਰਜੋਰ ਕੋਸ਼ਿਸ਼ ਕਰਨਗੇ ਅਤੇ ਮੰਗ ਕਰਨਗੇ ਕਿ ਇਸ ਹਲਕੇ ਨੂੰ ਦੂਜੀਆਂ ਹਲਕਿਆਂ ਤੋਂ ਪੰਜ ਗੁਣਾ ਵੱਧ ਗ੍ਰਾਂਟ ਦਿੱਤੀ ਜਾਵੇ।