ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਇੰਟਰ ਸਟੇਟ ਗਿਰੋਹ ਦੇ 9 ਕਥਿਤ ਮੈਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਚੋਰੀ ਕੀਤਾ ਸਮਾਨ ਬਰਾਮਦ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ 30 ਜੁਲਾਈ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਮੁਲਜ਼ਮਾਂ ਨੇ ਮਿਲ ਕੇ 25 ਜੁਲਾਈ ਨੂੰ ਛੋਟਾ ਹਾਥੀ ਅਸ਼ੋਕਾ ਲੈਲੇਂਡ ਖੰਨਾਂ ਤੋਂ ਡਰਾਇਵਰ ਸਮੇਤ ਲੁੱਟ ਕਰਨ ਦੀ ਨੀਅਤ ਨਾਲ ਅਗਵਾ ਕਰ ਕੇ ਲੈ ਗਏ ਸੀ। ਉਸੇ ਦਿਨ ਗੱਡੀ ਲੁੱਟਣ ਤੋਂ ਬਾਅਦ ਡਰਾਇਵਰ ਹਰੀਸ਼ ਵਾਸੀ ਦਿੱਲੀ ਦਾ ਕਤਲ ਕਰਕੇ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ।
ਡੇਢ ਦਰਜ ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫਾਸ਼: ਮ੍ਰਿਤਕ ਹਰੀਸ਼ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢਣ ਉਪੰਰਤ ਅਮਲੋਹ ਪੁਲਿਸ ਨੇ ਵਾਰਸਾਂ ਹਵਾਲੇ ਕਰ ਦਿੱਤੀ ਸੀ ਜਿਸ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਪੁਲਿਸ ਰਿਮਾਂਡ ਦੌਰਾਨ ਵੱਖ-ਵੱਖ ਥਾਵਾਂ ਤੋਂ ਡੇਢ ਦਰਜ ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਨ੍ਹਾਂ ਦੇ 7 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਪਰੋਕਤ ਸਾਰੇ ਮੁਲਜ਼ਮਾਂ ਨੇ ਰਲ ਕੇ ਕਰੀਬ ਤਿੰਨ ਦਰਜਨ ਤੋਂ ਵੱਧ ਲੁੱਟ ਖੋਹ ਤੇ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੱਥਿਤ ਮੁਲਜ਼ਮ ਵੱਲੋਂ ਥਾਣਾ ਅਮਲੋਹ ਨਾਲ ਸਬੰਧਤ ਤਕਰੀਬਨ ਪੌਣੇ ਦਰਜਨ ਵਾਰਦਾਤਾਂ ਕੀਤੀਆਂ ਹਨ।
ਇੱਕ ਨਹੀਂ, ਕਈ ਜ਼ਿਲ੍ਹਿਆਂ ਵਿੱਚ ਕੀਤੀ ਚੋਰੀ : ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਬਾਕੀ ਵਾਰਦਾਤਾਂ ਇਨ੍ਹਾਂ ਨੇ ਚਮਕੌਰ ਸਾਹਿਬ, ਰੋਪੜ, ਮੋਹਾਲੀ, ਚੰਡੀਗੜ੍ਹ, ਲੁਧਿਆਣਾ, ਸੰਗਰੂਰ ਵਿਖੇ ਕਰਨ ਬਾਰੇ ਮੰਨਿਆਂ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਥਾਣਾ ਅਮਲੋਹ ਵਿਖੇ ਮੁਕੱਦਮਾ ਦਰਜ ਹਨ, ਜੋ ਉਪਰੋਕਤ ਸਾਰੀਆਂ ਵਾਰਦਾਤਾਂ ਵਿੱਚ ਉਪਰੋਕਤ ਵਿਅਕਤੀਆਂ ਵੱਲੋਂ ਚੋਰੀ ਕੀਤਾ ਗਿਆ ਮਾਲ ਬਰਾਮਦ ਕਰਵਾਇਆ ਗਿਆ। ਇਸ ਮੌਕੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਇੱਕ ਬੋਲੈਰੋ ਜੋ ਕਿ ਚੰਡੀਗੜ੍ਹ ਤੋਂ ਚੋਰੀ ਕੀਤੀ ਸੀ, ਇੱਕ ਅਲਟੋ ਕਾਰ ਖਰੜ ਤੋਂ ਚੋਰੀ ਕੀਤੀ, ਤਿੰਨ ਛੋਟੇ ਹਾਥੀ, ਜੋ ਖੰਨਾ ਲੁਧਿਆਣਾ ਤੋਂ ਚੋਰੀ ਕੀਤੇ, ਖਰੜ ਤੋਂ ਚੋਰੀ ਕੀਤਾ ਇੱਕ ਬੁਲਟ ਮੋਟਰ ਸਾਇਕਲ, ਇੱਕ ਪਲੈਟੀਨਾ ਮੋਟਰ ਸਾਇਕਲ ਰਾਜਪੁਰਾ ਤੋਂ ਚੋਰੀ ਕੀਤਾ ਤੇ ਟੀ.ਵੀ.ਐਸ. ਮੋਟਰ ਸਾਇਕਲ ਆਦਿ ਵੀ ਬਰਾਮਦ ਕੀਤੇ ਗਏ ਹਨ।