ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਨੇ ਗੈਸ ਟੈਕਰਾਂ ਵਿੱਚੋਂ ਗੈਸ ਚੋਰੀ ਕਰਕੇ ਵੇਚਣ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ ਗੈਸ ਸੈਲੰਡਰ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਅਕਤੂਬਰ ਨੂੰ ਥਾਣਾ ਸਰਹਿੰਦ ਨੂੰ ਇਤਲਾਹ ਮਿਲੀ ਸੀ ਕਿ ਕੁਝ ਲੋਕ ਮੁਕੇਸ਼ ਦੇ ਭੱਠੇ 'ਤੇ ਟੈਕਰ ਵਿੱਚੋਂ ਗੈਸ ਚੋਰੀ ਕਰ ਰਹੇ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਰਹਿੰਦ ਦੇ ਡਿਊਟੀ ਅਫ਼ਸਰ ਨੇ ਮੌਕੇ 'ਤੇ ਛਾਪੇਮਾਰੀ ਕੀਤੀ ਤਾਂ ਚਾਰ ਮੁਲਜ਼ਮ ਟੈਕਰਾਂ ਵਿੱਚੋਂ ਗੈਸ ਚੋਰੀ ਕਰਦੇ ਪਾਏ ਗਏ।
ਐੱਸਐੱਸਪੀ ਨੇ ਕਿਹਾ ਕਿ ਇਨ੍ਹਾਂ ਚਾਰ ਮੁਲਜ਼ਮਾਂ ਹਰਿੰਦਰ ਕੁਮਾਰ, ਦਵਿੰਦਰ ਸਿਘ, ਮੱਖਣ ਸਿੰਘ ਅਤੇ ਕੁਮੇਸ਼ ਰਾਏ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਦਵਿੰਦਰ ਸਿੰਘ ਘਰੋਂ 1.5 ਲੱਖ ਰੁਪਏ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 10 ਗੈਸ ਸਲੰਡਰ (ਵਪਾਰਕ), ਗੈਸ ਪਾਉਣ ਵਾਲੀਆਂ ਨਾਲੀਆਂ, ਇੱਕ ਜੀਪ ਅਤੇ ਤਿੰਨ ਗੈਸ ਟੈਂਕਰ ਬਰਾਮਦ ਕੀਤੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਇਹ ਨਾਭਾ ਵਿਖੇ ਸਥਿਤ ਗੈਸ ਪਲਾਂਟ ਵਿੱਚੋਂ ਗੈਸ ਟੈਕਰ ਲੈ ਕੇ ਚੱਲਦੇ ਸਨ ਅਤੇ ਚੰਡੀਗੜ੍ਹ ਨੂੰ ਲੈ ਕੇ ਜਾਂਦੇ ਸਨ। ਇਸ ਦੌਰਾਨ ਇਹ ਲੋਕ ਰਾਹ ਵਿੱਚ ਇਨ੍ਹਾਂ ਟੈਕਰਾਂ ਵਿੱਚ ਗੈਸ ਚੋਰੀ ਕਰਕੇ ਹੋਟਲਾਂ ਅਤੇ ਢਾਬਿਆਂ 'ਤੇ 700 ਰੁਪਏ ਪ੍ਰਤੀ ਸੈਲੰਡਰ ਦੇ ਹਿਸਾਬ ਨਾਲ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਦੇ ਇਸ ਗਿਰੋਹ ਦਾ ਸਰਗਨਾ ਵਿਕਰਮ ਵਮਰਾ ਦਾ ਵੀ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।