ਫ਼ਤਿਹਗੜ੍ਹ ਸਾਹਿਬ: ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਫਸਲਾਂ ਦੇ ਮੁੱਲ ਨਾ ਮਿਲਣ ਅਤੇ ਸਿਰ 'ਤੇ ਕਰਜ਼ਾ ਹੋਣ ਕਾਰਨ ਖੁਦਕੁਸ਼ੀਆਂ ਕਰਨ ਦੇ ਲਈ ਮਜ਼ਬੂਰ ਹੈ ਪਰ ਉੱਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ ਜੋ ਸਮੇਂ ਸਿਰ ਬਦਲਵੀਂ ਖੇਤੀ ਕਰਕੇ ਆਪਣਾ ਚੰਗਾ ਜੀਵਨ ਬਤੀਤ ਕਰ ਰਹੇ ਹਨ, ਜਿੱਥੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ ਉੱਥੇ ਹੀ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸਲਾਣਾ ਦਾ ਕਿਸਾਨ ਰਣਧੀਰ ਸਿੰਘ 2013 ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ।
ਇਸ ਮੌਕੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਸਾਨ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ 2013 ਤੋਂ ਤਿੰਨ ਏਕੜ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਨਾਲ ਉਸ ਨੂੰ ਲਾਭ ਹੋਇਆ ਹੈ। ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਲਈ ਨਾ ਤਾਂ ਪਾਣੀ ਦੀ ਜ਼ਰੂਰਤ ਹੈ ਅਤੇ ਨਾ ਹੀ ਲੇਬਰ ਦੀ ਜਿਸ ਤਰ੍ਹਾਂ ਕਣਕ ਦੀ ਬਿਜਾਈ ਹੁੰਦੀ ਹੈ। ਉਸੇ ਹੀ ਤਰ੍ਹਾਂ ਹੀ ਝੋਨਾ ਬੀਜਿਆ ਜਾਂਦਾ ਹੈ। ਬਿਜਾਈ ਕਰਨ ਤੋਂ 21ਵੇਂ ਦਿਨ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਝੋਨੇ ਨੂੰ ਪਾਣੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਦੇ ਨਾਲ 50 ਪ੍ਰਤੀਸ਼ਤ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਜੇਕਰ ਮੀਂਹ ਪੈ ਜਾਣ ਤਾਂ ਹੋਰ ਵੀ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ, ਜਿਸ ਦੇ ਨਾਲ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ। ਇਸ ਵਾਰ ਉਨ੍ਹਾਂ ਵੱਲੋਂ ਇੱਕ ਏਕੜ ਦੇ ਵਿੱਚ ਵੱਟਾਂ ਤੇ ਝੋਨਾ ਲਗਾਇਆ ਗਿਆ ਹੈ, ਉਸ ਵਿੱਚ ਵੀ ਪਾਣੀ ਘੱਟ ਮਾਤਰਾ ਵਿੱਚ ਲਗਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਨਾਲ ਇਸਦੇ ਝਾੜ ਤੇ ਕੋਈ ਅਸਰ ਨਹੀਂ ਪੈਦਾ। ਸਿੱਧੀ ਬਿਜਾਈ ਕਰਨ ਦੇ ਨਾਲ ਇੱਕ ਏਕੜ ਦੇ ਵਿੱਚ ਕਰੀਬ 22 ਕੁਵਟਲ ਤਕ ਝਾੜ ਨਿਕਲਦਾ ਹੈ।
ਰਣਧੀਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਪੰਜ ਏਕੜ ਦੇ ਵਿੱਚ ਆਰਗੈਨਿਕ ਖੇਤੀ ਵੀ ਕੀਤੀ ਜਾਂਦੀ ਹੈ ਜਿਸ ਦੇ ਲਈ ਖਾਦ ਉਹ ਆਪ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੋਟਰ ਤੇ ਗੰਡੋਏ ਰੱਖੇ ਹੋਏ ਹਨ। ਜਿਸ ਤੋਂ ਉਹ ਖਾਦ ਤਿਆਰ ਕਰਕੇ ਆਰਗੈਨਿਕ ਖੇਤੀ ਦੇ ਲਈ ਵਰਤਦੇ ਹਨ ਅਤੇ ਸਪਰੇਅ ਵੀ ਆਪ ਹੀ ਤਿਆਰ ਕਰਦੇ ਹਨ। ਝੋਨੇ ਦੇ ਨਾਲ-ਨਾਲ ਉਹ ਗੰਨਾ ਅਤੇ ਹਲਦੀ ਵੀ ਬੀਜਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਲਈ ਪਾਣੀ ਨੂੰ ਬਚਾਉਣ ਦੇ ਲਈ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ।