ਸ੍ਰੀ ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਅੰਦਰ ਪੰਚਾਇਤੀ ਚੋਣਾਂ ਸਮੇਂ 46 ਦੇ ਕਰੀਬ ਪਿੰਡਾਂ ਦੇ ਅਕਾਲੀ ਤੇ ਹੋਰ ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ ਜੋ ਲੋਕਤੰਤਰ ਦਾ ਘਾਣ ਕੀਤਾ ਗਿਆ ਸੀ ਉਹ ਕਾਂਗਰਸ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਸੈਅ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤਾ ਸੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਚਾਇਤੀ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨਾਲ ਹੋਈ ਧੱਕੇਸ਼ਾਹੀ ਉੱਤੇ ਉਨ੍ਹਾਂ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦਾ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਉੱਤੇ ਗੌਰ ਨਹੀਂ ਕੀਤਾ। ਸਗੋਂ ਇਹ ਕਹਿ ਦਿੱਤਾ ਕਿ ਹਲਕਾ ਵਿਧਾਇਕ ਦੀਆਂ ਹਿਦਾਇਤਾਂ ਮੁਤਾਬਕ ਪੰਚਾਇਤੀ ਚੋਣਾਂ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਉਦੋਂ ਖੁਲਾਸਾ ਹੋਇਆ ਜਦੋਂ ਕਾਂਗਰਸੀ ਆਗੂਆਂ ਦੀ ਹਲਕਾ ਵਿਧਾਇਕ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਜਿੱਥੇ ਪੰਚਾਇਤੀ ਚੋਣਾਂ ਸਮੇਂ ਵੱਡੀ ਪੱਧਰ ਉੱਤੇ ਪੈਸੇ ਲੈ ਕੇ ਅਕਾਲੀ ਉਮੀਦਵਾਰਾਂ ਦੇ ਬਿਨ੍ਹਾਂ ਕਾਰਨ ਕਾਗਜ਼ ਰੱਦ ਕੀਤੇ ਗਏ ਸੀ। ਉੱਥੇ ਹੀ ਸਰਪੰਚੀ ਪੰਚੀ ਨੂੰ ਰਿਜ਼ਰਵ ਤੇ ਜਰਨਲ ਕਰਨ ਲਈ ਵੀ ਕਾਂਗਰਸ ਦੇ ਅਮਲੋਹ ਦਫ਼ਤਰ ਤੇ ਹਲਕਾ ਵਿਧਾਇਕ ਵੱਲੋਂ ਵੱਡੀ ਪੈਸੇ ਦੀ ਲੁੱਟ ਕੀਤੀ ਗਈ ਹੈ ਜਿਸ ਨੂੰ ਕਾਂਗਰਸ ਦੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਕਾਂਗਰਸੀ ਹੀ ਜੱਗ ਜ਼ਾਹਰ ਕਰ ਰਹੇ ਹਨ।
ਇਸ ਤੋਂ ਇਲਾਵਾ ਬਲਾਕ ਸੰਮਤੀ ਚੋਣਾਂ ਵਿੱਚ ਵੀ ਹਲਕਾ ਵਿਧਾਇਕ ਵੱਲੋਂ ਵੱਡੀਆਂ ਧਾਂਦਲੀਆਂ ਕਰਵਾ ਕੇ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਦੀ ਮੁੜ ਗਿਣਤੀ ਕਰਵਾ ਕੇ ਹਰਾਇਆ ਗਿਆ ਸੀ। ਸਿੰਗਾਰਾ ਸਿੰਘ ਗਰੁੱਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਂਦਲੀਆਂ ਦਾ ਖੁਲਾਸਾ ਕੀਤਾ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਕਿ ਹਲਕਾ ਅਮਲੋਹ ਵਿੱਚ ਪੰਚਾਇਤੀ ਚੋਣਾਂ ਤੇ ਸੰਮਤੀ ਚੋਣਾਂ ਵਿੱਚ ਪੈਸੇ ਲੈ ਕੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੀ ਨਿਰਪੱਖ ਏਜੰਸੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਤਾਂ ਜੋ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਲੋਕਾਂ ਸਾਹਮਣੇ ਪੰਚਾਇਤੀ ਚੋਣਾਂ ਸਮੇਂ ਕੀਤੀ ਲੁੱਟ-ਖਸੁੱਟ ਦਾ ਮਾਮਲਾ ਨਾ ਲਿਆਂਦਾ ਤਾਂ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਾਲ ਲੈ ਕੇ ਨਿਰਪੱਖ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣਗੇ ਤਾਂ ਜੋ ਹਲਕੇ ਦੇ ਲੋਕਾਂ ਸਾਹਮਣੇ ਅਸਲੀ ਚਿਹਰਾ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ:ਸਕੂਲ ਵੱਲੋਂ ਬੱਚੇ ਦਾ ਨਾਂਅ ਕੱਟਣ 'ਤੇ ਵਿਦਿਆਰਥੀ ਦੇ ਮਾਪੇ ਨੇ ਦਰਜ ਕਰਵਾਈ ਸ਼ਿਕਾਇਤ