ਫ਼ਤਿਹਗੜਹ ਸਾਹਿਬ: ਪੰਥਕ ਅਕਾਲੀ ਲਹਿਰ ਨੇ ਆਪਣੀ ਨਵੀਂ ਬਣਾਈ ਸੂਬਾ ਕਮੇਟੀ ਵਿੱਚ ਨਿਯੁਕਤ ਹੋਣ ਵਾਲੇ ਮੈਂਬਰਾਂ ਦੇ ਸਨਮਾਨ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਇੱਕ ਸਮਾਗਮ ਕੀਤਾ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਵਾਲੇ ਨੌਜਵਾਨਾਂ ਨੂੰ ਸੂਬਾ ਕਮੇਟੀ ਦੇ ਵਿੱਚ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਦੇ ਸਨਮਾਨ ਲਈ ਅੱਜ ਇਹ ਕਾਨਫਰੰਸ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯੁਕਤ ਕੀਤੀ ਗਈ ਕਮੇਟੀ ਦੇ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ।
ਉੱਥੇ ਹੀ ਗੁਰਪ੍ਰੀਤ ਸਿੰਘ ਰੰਧਾਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਪਟਿਆਲਾ ਵਿਖੇ ਚੋਰੀ ਹੋਏ ਸ੍ਰੀ ਗ੍ਰੰਥ ਸਾਹਿਬ ਸਰੂਪ ਦੇ ਸਬੰਧ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ ਹਾਸੋਹੀਣੀ ਗੱਲ ਹੈ। ਉਨ੍ਹਾਂ ਅਕਾਲੀ ਦਲ ਤੋਂ ਸਵਾਲ ਕਰਦੇ ਹੋਏ ਪੁੱਛਿਆ ਕਿ ਜਦੋਂ ਬਰਗਾੜੀ ਕਾਂਡ ਹੋਇਆ ਉਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਉਨ੍ਹਾਂ ਨੇ ਕੋਈ ਅਹਿਮ ਫੈਸਲਾ ਕਿਉਂ ਨਹੀਂ ਲਿਆ, ਅੱਜ ਇਹ ਧਰਨਾ ਸਿਰਫ ਇੱਕ ਡਰਾਮਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ 267 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਹੋ ਗਏ ਹਨ ਉਨ੍ਹਾਂ ਬਾਰੇ ਸ਼੍ਰੋਮਣੀ ਅਕਾਲੀ ਅੱਜ ਤੱਕ ਕਿਉਂ ਨਹੀਂ ਬੋਲ ਰਹੀ?