ਫਤਿਹਗੜ੍ਹ ਸਾਹਿਬ :ਦਿੱਲੀ ਵਿਖੇ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਮਗਰੋਂ ਲਾਪਤਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਜੱਟਾਂ ਦਾ ਨੌਜਵਾਨ ਮਨਿੰਦਰ ਸਿੰਘ ਖਿਲਾਫ ਦਿੱਲੀ ਦੇ ਥਾਣਾ ਅਲੀਪੁਰ ਵਿਖੇ ਮੁਕੱਦਮਾ ਨੰਬਰ 49 ਦਰਜ ਕਰਕੇ ਉਸ ਨੂੰ ਤਿਹਾੜ ਜੇਲ੍ਹ 'ਚ ਬੰਦ ਕਰ ਰੱਖਿਆ ਹੋਇਆ ਹੈ।
ਮਨਿੰਦਰ ਦੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦੀ ਸਖ਼ਤ ਨਿੰਦਾ ਕੀਤੀ ਗਈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਹੇਠ ਮਨਿੰਦਰ ਦੇ ਪਿਤਾ ਸਾਬਕਾ ਸਰਪੰਚ ਬੇਅੰਤ ਸਿੰਘ ਨੇ ਫਤਿਹਗੜ੍ਹ ਸਾਹਿਬ ਦੀ ਐੱਸਐੱਸਪੀ ਅਮਨੀਤ ਕੌਂਡਲ ਨਾਲ ਮੁਲਾਕਾਤ ਕਰਦਿਆਂ ਮਦਦ ਦੀ ਮੰਗ ਕੀਤੀ।
ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਮਨਿੰਦਰ ਸਿੰਘ 21 ਜਨਵਰੀ ਨੂੰ ਪਿੰਡ ਤੋਂ ਆਪਣੇ ਸਾਥੀਆਂ ਨਾਲ ਦਿੱਲੀ ਧਰਨੇ ਵਿੱਚ ਗਿਆ ਸੀ। 26 ਜਨਵਰੀ ਦੀ ਪਰੇਡ ਮਗਰੋਂ ਫੋਨ 'ਤੇ ਸੰਪਰਕ ਰਾਹੀਂ ਮਨਿੰਦਰ ਨੇ ਦੱਸਿਆ ਸੀ ਕਿ ਦਿੱਲੀ ਪੁਲਿਸ ਨੇ ਕੁੱਝ ਗੁੰਡਿਆਂ ਨਾਲ ਮਿਲ ਕੇ ਉਨ੍ਹਾਂ ਨੂੰ ਫੜ੍ਹ ਲਿਆ ਹੈ। ਇਸ ਤੋਂ ਬਾਅਦ ਮਨਿੰਦਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਹੁਣ ਦਿੱਲੀ ਤੋਂ ਜਾਰੀ ਸੂਚੀ ਰਾਹੀਂ ਪਤਾ ਲੱਗਿਆ ਹੈ ਕਿ ਮਨਿੰਦਰ ਦੇ ਖ਼ਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕੇਂਦਰ ਸਰਕਾਰ ਦੀ ਇਹ ਕਾਰਵਾਈ ਗੈਰ ਸੰਵੈਧਾਨਿਕ ਹੈ।
ਐਡਵੋਕੇਟ ਧਾਰਨੀ ਨੇ ਕਿਹਾ ਕਿ ਅਕਾਲੀ ਦਲ ਦੇ ਵਕੀਲਾਂ ਦਾ ਪੈਨਲ ਮਨਿੰਦਰ ਸਿੰਘ ਸਮੇਤ ਹੋਰਾਂ ਪੰਜਾਬੀਆਂ ਦੀ ਰਿਹਾਈ ਅਤੇ ਜਮਾਨਤ ਦੇ ਲਈ ਮੁਫ਼ਤ ਕਾਨੂੰਨੀ ਮਦਦ ਕਰੇਗਾ। ਜਿੰਨੀ ਮਰਜ਼ੀ ਲੰਬੀ ਲੜਾਈ ਲੜਨੀ ਪਵੇ ਉਹ ਪਿੱਛੇ ਨਹੀਂ ਹਟਣਗੇ।