ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਵਿੱਦਿਅਕ ਅਦਾਰੇ ਬੰਦ ਹਨ। ਜਿਸ ਦੇ ਕਾਰਨ ਸਕੂਲਾਂ ਕਾਲਜਾਂ ਦੇ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਉੱਥੇ ਹੀ ਇਸ ਦਾ ਅਸਰ ਪੰਜਾਬ ਵਿੱਚ ਚੱਲ ਰਹੇ ਆਈਲੈਟਸ ਸੈਂਟਰਾਂ 'ਤੇ ਵੀ ਦੇਖਣ ਨੂੰ ਮਿਲਿਆ। ਕੋਰੋਨਾ ਵਾਇਰਸ ਦੇ ਚੱਲਦੇ ਆਈਲੈਟਸ ਸੈਂਟਰ ਬੰਦ ਹੋਣ ਦੇ ਕਾਰਨ ਆਈਲੈਟਸ ਸੈਂਟਰ ਚਲਾਉਣ ਵਾਲਿਆਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਆਈਲੈਟਸ ਸੈਂਟਰ ਮਾਲਕਾਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੇ ਕੰਮ 'ਤੇ ਬਹੁਤ ਪ੍ਰਭਾਵ ਪਿਆ ਹੈ ਕਿਉਂਕਿ ਕੋਰੋਨਾ ਦੇ ਕਾਰਨ ਜਿੱਥੇ ਵਿੱਦਿਅਕ ਅਦਾਰੇ ਬੰਦ ਹਨ। ਉੱਥੇ ਹੀ ਉਨ੍ਹਾਂ ਦੇ ਆਈਲੈਂਟਸ ਸੈਂਟਰ ਵੀ ਬੰਦ ਹਨ ਪਰ ਉਨ੍ਹਾਂ ਵੱਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਬੱਚੇ ਉਨ੍ਹਾਂ ਨਹੀਂ ਸਮਝ ਪਾਉਂਦੇ ਜਿੰਨਾ ਉਹ ਕਲਾਸ ਵਿੱਚ ਬਹਿ ਕੇ ਪੜ੍ਹ ਲੈਂਦੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਉਨ੍ਹਾਂ ਕੋਲ ਪੜ੍ਹਨ ਵਾਲੇ ਬੱਚੇ ਪੇਂਡੂ ਖੇਤਰ ਦੇ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਆਨਲਾਈਨ ਕਲਾਸਾਂ ਦੇ ਵਿੱਚ ਇੰਨਾ ਸਮਝ ਨਹੀਂ ਆ ਰਿਹਾ। ਆਨਲਾਈਨ ਕਲਾਸਾਂ ਦੀ ਫੀਸ ਉਨ੍ਹਾਂ ਦੇ ਵੱਲੋਂ ਨਾ ਮਾਤਰ ਹੀ ਲਈ ਜਾ ਰਹੀ ਹੈ। ਜਿਸ ਦੇ ਕਾਰਨ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਹੋਰ ਉਦਯੋਗਾਂ ਨੂੰ ਖੋਲ੍ਹਣ ਦੀ ਰਾਹਤ ਦਿੱਤੀ ਗਈ ਹੈ। ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਕਲਾਸਾਂ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਟਾਇਮ ਦੇ ਵਿੱਚ ਦਸ ਬੱਚਿਆਂ ਦੀ ਕਲਾਸ ਲਗਾਉਣ ਦੇ ਲਈ ਵੀ ਤਿਆਰ ਹਨ। ਸਰਕਾਰ ਉਨ੍ਹਾਂ ਦੀ ਇਹ ਮੰਗ ਜ਼ਰੂਰ ਸੁਣੇ ਤਾਂ ਜੋ ਉਹ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਆਪਣਾ ਘਰ ਦਾ ਗੁਜ਼ਾਰਾ ਚਲਾ ਸਕਣ।