ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਸ਼ਾਨਦਾਰ ਅਦਾਕਾਰ ਗਿੱਪੀ ਗਰੇਵਾਲ ਅੱਜ 2 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਜ਼ਿਲ੍ਹਾਂ ਲੁਧਿਅਣਾ ਸੰਬੰਧਤ ਇੱਕ ਛੋਟੇ ਜਿਹੇ ਪਿੰਡ ਕੂਮ ਕਲਾਂ ਤੋਂ ਉੱਠ ਕੇ ਵਿਸ਼ਵ ਪੱਧਰ ਉੱਪਰ ਅਪਣੀ ਲਾ-ਮਿਸਾਲ ਗਾਇਕੀ ਅਤੇ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਇਸ ਸ਼ਾਨਦਾਰ ਗਾਇਕ ਅਤੇ ਅਦਾਕਾਰ ਦੇ ਸੰਘਰਸ਼ ਤੋਂ ਸਫਲਤਾ ਤੱਕ ਦੇ ਇਸੇ ਸ਼ਾਨਮੱਤੇ ਸਫ਼ਰ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:
ਪਹਿਲੇ ਗੀਤ ਨੇ ਚੜ੍ਹਾਈ ਕਿਸਮਤ ਦੀ ਗੁੱਡੀ
ਗਾਇਕ ਗਿੱਪੀ ਗਰੇਵਾਲ ਜਦੋਂ ਵੀ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਹਨ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਪੈਂਡਾ ਸੌਖਾ ਨਹੀਂ ਰਿਹਾ। ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਸੰਘਰਸ਼ ਦੇ ਦਿਨਾਂ ਵਿੱਚ ਲੋਕਾਂ ਦੇ ਵਾਹਨ ਵੀ ਧੋਤੇ ਸਨ। ਅਦਾਕਾਰ ਕਿਸੇ ਸਮੇਂ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਕੈਨੇਡਾ ਜਾ ਕੇ ਇੱਕ ਰੈਸਟੋਰੈਂਟ ਵਿੱਚ ਵੇਟਰ ਬਣ ਗਿਆ ਸੀ। ਇਸ ਤੋਂ ਬਾਅਦ ਉਹ ਭਾਰਤ ਪਰਤੇ ਅਤੇ ਕਾਫੀ ਸੰਘਰਸ਼ ਤੋਂ ਬਾਅਦ ਇਹ ਅਹੁਦਾ ਹਾਸਲ ਕੀਤਾ।
ਪੰਚਕੂਲਾ ਦੇ ਨਾਰਥ ਇੰਡੀਆ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਤੋਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕਰਨ ਵਾਲੇ ਗਿੱਪੀ ਗਰੇਵਾਲ ਅੱਜ ਬਤੌਰ ਗਾਇਕ, ਅਦਾਕਾਰ, ਨਿਰਮਾਤਾ, ਲੇਖਕ ਅਤੇ ਨਿਰਦੇਸ਼ਕ ਵਜੋਂ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦਾ ਇਸ ਮੁਕਾਮ ਤੱਕ ਪਹੁੰਚਣ ਦਾ ਪੈਂਡਾ ਏਨਾਂ ਸੁਖਾਲਾ ਨਹੀਂ ਰਿਹਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਨੌਕਰੀ ਨੂੰ ਲੰਮਾਂ ਸਮਾਂ ਅੰਜ਼ਾਮ ਦਿੰਦੇ ਰਹੇ ਇਸ ਹੋਣਹਾਰ ਗਾਇਕ ਦੀ ਕਿਸਮਤ ਨੇ ਉਸ ਸਮੇਂ ਕਰਵੱਟ ਬਦਲੀ, ਜੋ ਸਾਲ 2010 ਉਨ੍ਹਾਂ ਦਾ ਐਲਬਮ 'ਫੁਲਕਾਰੀ' ਸੰਗੀਤਕ ਮਾਰਕੀਟ ਵਿੱਚ ਜਾਰੀ ਹੋਇਆ, ਜਿਸ ਦੀ ਰਿਕਾਰਡ ਕਾਮਯਾਬੀ ਤੋਂ ਬਾਅਦ ਉਨ੍ਹਾਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।
ਗਿੱਪੀ ਗਰੇਵਾਲ ਦੀਆਂ ਰਿਲੀਜ਼ ਹੋ ਚੁੱਕੀਆਂ ਐਲਬਮਜ਼
ਸਾਲ 2002 ਵਿੱਚ ਰਸਮੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਗਾਇਕ ਗਿੱਪੀ ਗਰੇਵਾਲ ਦੀ ਪਹਿਲੀ ਐਲਬਮ 'ਚੱਕ ਲੈ' ਰਹੀ, ਜਿਸ ਤੋਂ ਬਾਅਦ ਸਮੇਂ ਦਰ ਸਮੇਂ ਸਾਹਮਣੇ ਆਈਆਂ ਉਨ੍ਹਾਂ ਦੀਆਂ ਹੋਰਨਾਂ ਐਲਬਮਜ਼ 'ਚ 'ਨਸ਼ਾ', 'ਫੁਲਕਾਰੀ', 'ਫੁਲਕਾਰੀ 2', 'ਜਸਟ ਹਿੱਟਸ' ਅਤੇ 'ਗੈਂਗਸਟਰ' ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਦੀ ਕਾਮਯਾਬੀ ਨੇ ਉਨ੍ਹਾਂ ਨੂੰ ਇੱਕ ਸਟਾਰ ਗਾਇਕ ਵਜੋਂ ਪ੍ਰਵਾਨਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਗਿੱਪੀ ਦੀ ਸਫ਼ਲਤਾ ਵਿੱਚ ਗਾਇਕ ਦੀ ਪਤਨੀ ਦਾ ਰਿਹਾ ਖਾਸ ਯੋਗਦਾਨ
ਪਾਲੀਵੁੱਡ ਤੋਂ ਲੈ ਕੇ ਦੁਨੀਆਂ-ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਧੱਕ ਪਾਉਣ ਵਾਲੇ ਗਾਇਕ ਗਿੱਪੀ ਗਰੇਵਾਲ ਅਨੁਸਾਰ ਉਨ੍ਹਾਂ ਦੀ ਇਸ ਮਾਣਮੱਤੀ ਸਫ਼ਲਤਾ ਵਿੱਚ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਦਾ ਅਹਿਮ ਯੋਗਦਾਨ ਰਿਹਾ, ਜਿੰਨ੍ਹਾਂ ਸੰਘਰਸ਼ ਪੜ੍ਹਾਅ ਦਾ ਉਨ੍ਹਾਂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ ਅਤੇ ਹਰ ਕਦਮ ਉਤੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ, ਜਿਸ ਵੱਲੋਂ ਦਿੱਤੇ ਗਏ ਇਸ ਸਾਥ ਸਦਕਾ ਹੀ ਉਹ ਅੱਜ ਅਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਸਫ਼ਲ ਰਹੇ ਹਨ।
ਪੰਜਾਬੀ ਸਿਨੇਮਾ ਨੂੰ ਦਿੱਤੀ ਪਹਿਲੀ 100 ਕਰੋੜੀ ਫਿਲਮ
ਸਾਲ 2023 ਵਿੱਚ ਰਿਲੀਜ਼ ਹੋਈ ਪਹਿਲੀ 100 ਕਰੋੜੀ ਫਿਲਮ 'ਕੈਰੀ ਆਨ ਜੱਟਾ 3' ਦਾ ਬਤੌਰ ਲੀਡ ਐਕਟਰ ਹਿੱਸਾ, ਨਿਰਮਾਣਕਾਰ ਰਹੇ ਅਤੇ ਸਾਲ 2023 ਦੌਰਾਨ ਬੈਕ-ਟੂ-ਬੈਕ ਚਾਰ ਸੁਪਰ ਡੁਪਰ ਹਿੱਟ ਫਿਲਮਾਂ 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਜੱਟ ਨੂੰ ਚੁੜੈਲ ਟੱਕਰੀ' ਦੇਣ ਵਾਲੇ ਗਿੱਪੀ ਗਰੇਵਾਲ ਅੱਜ ਪੰਜਾਬੀ ਸਿਨੇਮਾ ਦੇ ਹਾਈਪੇਡ ਸਟਾਰ ਮੰਨੇ ਜਾਂਦੇ ਹਨ, ਜਿੰਨ੍ਹਾਂ ਦੀ ਘਰੇਲੂ ਫਿਲਮ ਨਿਰਮਾਣ ਕੰਪਨੀ 'ਹੰਬਲ ਮੋਸ਼ਨ ਪਿਕਚਰਜ਼' ਸਭ ਤੋਂ ਵੱਡੇ ਪਾਲੀਵੁੱਡ ਫਿਲਮ ਪ੍ਰੋਡੋਕਸ਼ਨ ਹਾਊਸ ਵਜੋਂ ਜਾਂਣੀ ਜਾਂਦੀ ਹੈ।
ਇੰਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਪਾਲੀਵੁੱਡ ਵਿੱਚ ਐਂਟਰੀ ਕਰਵਾ ਚੁੱਕਿਆ ਹੈ ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਸਭ ਤੋਂ ਵੱਧ ਬਾਲੀਵੁੱਡ ਸਟਾਰਜ਼ ਪੰਜਾਬੀ ਸਿਨੇਮਾ ਵਿਹੜੇ ਲਿਆਉਣ ਦਾ ਮਾਣ ਵੀ ਹਾਸਿਲ ਕਰ ਲਿਆ ਹੈ, ਜਿੰਨ੍ਹਾਂ ਵਿੱਚ ਧਰਮਿੰਦਰ, ਸੰਜੇ ਦੱਤ, ਮੁਕੇਸ਼ ਰਿਸ਼ੀ, ਰਵੀ ਕਿਸ਼ਨ, ਅਲੋਕ ਨਾਥ, ਰਤੀ ਅਗਨੀਹੋਤਰੀ, ਜ਼ਰੀਨ ਖਾਨ, ਟੀਨਾ ਆਹੂਜਾ, ਸਨਾ ਖਾਨ, ਜੈਸਮੀਨ ਭਸੀਨ, ਨਿਕੇਤਨ ਧੀਰ, ਤੇਸਜਵੀ ਪ੍ਰਕਾਸ਼ ਆਦਿ ਜਿਹੇ ਵੱਡੇ ਚਿਹਰੇ ਸ਼ਾਮਿਲ ਰਹੇ ਹਨ।
ਇਹ ਵੀ ਪੜ੍ਹੋ: