ਫ਼ਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੇ ਕਹਿਰ 'ਚ ਜਿੱਥੇ ਹਰ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਉਥੇ ਹੀ ਗੰਨੇ ਦੇ ਰਸ ਲਗਾਉਣ ਵਾਲੀਆਂ ਰੇਹੜੀਆਂ ਦਾ ਵੀ ਕੰਮ ਠੱਪ ਹੋ ਗਿਆ ਹੈ। ਗੰਨੇ ਦੀ ਰੇਹੜੀਆਂ ਲਗਾਉਣ ਵਾਲਿਆਂ ਦਾ ਕੰਮ ਮੰਦਾ ਹੋਣ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ 'ਚ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿੱਲੀ ਦੇ ਨੈਸ਼ਨਲ ਹਾਈਵੇ 'ਤੇ ਗੰਨੇ ਤੇ ਕੌਲਡਰਿੰਕ ਦੀ ਰੇਹੜੀਆਂ ਲਗਾਉਣ ਵਾਲੀਆਂ ਨੇ ਦੱਸਿਆ ਕਿ ਇਸ ਸਾਲ ਕੋਰੋਨਾ ਦੀ ਮਾਰ ਕਾਰਨ ਕੰਮ ਮੰਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਇਨ੍ਹਾਂ ਦਿਨਾਂ ਵਿੱਚ ਕਈ ਕੁਇੰਟਲ ਦੇ ਕਰੀਬ ਗੰਨਾ ਲੱਗਾ ਜਾਂਦਾ ਹੁੰਦਾ ਸੀ ਹੁਣ ਗੰਨੇ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਕਿਉਂਕਿ ਲੋਕ ਗੰਨੇ ਦਾ ਰਸ ਪੀਣ ਲਈ ਨਹੀਂ ਆ ਰਹੇ ਜਿਸ ਦਾ ਉਨ੍ਹਾਂ ਦੀ ਦੁਕਾਨਦਾਰੀ 'ਤੇ ਬੜਾ ਅਸਰ ਪਿਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਉਹ 1700 ਰੁਪਏ ਦਿਨ ਦੇ ਕਮਾ ਲੈਂਦੇ ਸਨ ਹੁਣ 700 ਰੁਪਏ ਹੀ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਉਨ੍ਹਾਂ ਨੂੰ ਗੰਨਾ ਵੀ ਮਹਿੰਗਾ ਮਿਲ ਰਿਹਾ ਹੈ। ਇਸ ਕਾਰਨ ਕੰਮ 'ਚ ਕੋਈ ਲਾਭ ਹੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ 'ਚ ਪਲਾਸਟਿਕ ਦੇ ਗਿਲਾਸ ਦੀ ਵਰਤੋਂ ਕਰਨ ਦੇ ਨਿਰਦੇਸ਼ ਮਿਲੇ ਹਨ ਪਰ ਹੁਣ ਪਲਾਸਟਿਕ ਦੇ ਗਿਲਾਸ ਵੀ ਮਹਿੰਗੇ ਮਿਲ ਰਹੇ ਹਨ।
ਉਨ੍ਹਾਂ ਦੱਸਿਆ ਪਹਿਲਾਂ ਜਿਹੜੇ ਗਿਲਾਸ 70 ਰੁਪਏ ਦੇ ਮਿਲਦੇ ਸੀ ਹੁਣ ਉਹ ਗਿਲਾਸ 80 ਰੁਪਏ ਦੇ ਮਿਲ ਰਹੇ ਹਨ। ਇਸ ਕਾਰਨ ਉਨ੍ਹਾਂ ਨੇ ਵੀ ਇੱਕ ਰਸ ਦੇ ਗਿਲਾਸ ਦਾ ਭਾਅ ਵਧਾ ਦਿੱਤਾ ਹੈ। ਗੰਨੇ ਦੇ ਰਸ ਦਾ ਗਿਲਾਸ ਮਹਿੰਗਾ ਹੋਣ ਨਾਲ ਰਾਹਗੀਰ ਗੰਨੇ ਦਾ ਰਸ ਪੀਣ ਲਈ ਨਹੀਂ ਰੁੱਕ ਰਹੇ ਕਿਉਂਕਿ ਉਹ 10 ਰੁਪਏ ਦਾ ਹੀ ਗੰਨੇ ਦਾ ਰਸ ਮੰਗਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਸਰਕਾਰੀ ਕੰਮ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ।
ਇਹ ਵੀ ਪੜ੍ਹੋ:ਖੇਤੀ ਸੁਧਾਰ ਆਰਡੀਨੈਂਸ ਖਿਲਾਫ਼ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਕਰੇ ਕੈਪਟਨ ਸਰਕਾਰ: ਬੈਂਸ