ਸ੍ਰੀ ਫਤਿਹਗੜ੍ਹ ਸਾਹਿਬ: ਪੋਲੀਓ ਦੀ ਬਿਮਾਰੀ ਦੇ ਮੁਕੰਮਲ ਖਾਤਮੇ ਦੇ ਮਕਸਦ ਨਾਲ ਸਿਹਤ ਵਿਭਾਗ ਨੇ ਬਹਾਵਲਪੁਰ ਟਰੱਸਟ ਦੇ ਸਹਿਯੋਗ ਨਾਲ ਮੋਰਿਡਾ ਰੋਡ ਬੱਸੀ ਪਠਾਣਾ ਵਿੱਚ ਪਲਸ ਪੋਲੀਓ ਕੈਂਪ ਲਗਾਇਆ, ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਬੱਸੀ ਪਠਾਣਾ ਵਿੱਚ ਬੱਚਿਆਂ ਨੂੰ ਪੋਲੀਓ ਰੱਖਿਅਕ ਬੂੰਦਾਂ ਪਿਲਾਕੇ ਕੀਤਾ।
ਇਸ ਮੌਕੇ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ, ਜਿਸ ਦੌਰਾਨ ਮੁਹਿੰਮ ਦੇ ਪਹਿਲੇ ਦਿਨ 332 ਪੋਲੀਓ ਬੂਥ ਲਗਾਏ ਗਏ ਸਨ ਅਤੇ 15 ਟਰਾਜੀਟ ਟੀਮਾਂ ਬਣਾਈਆਂ ਗਈਆਂ ਹਨ ਜਿਹੜੀਆਂ ਕਿ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ 'ਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਉਣਗੀਆਂ ਤਾਂ ਕਿ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਭੱਠਿਆਂ ਫੈਕਟਰੀਆਂ ਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਕਵਰ ਕਰਨ ਲਈ 28 ਮੋਬਾਇਲ ਟੀਮਾ ਦਾ ਵੀ ਗਠਨ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਦੀ ਖਤਰਨਾਕ ਬਿਮਾਰੀ ਤੋਂ ਬਚਾਉਣ ਲਈ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ।
ਇਹ ਵੀ ਪੜੋ: ਪਲਾਸਟਿਕ ਮੁਕਤ ਹੋਣ ਲਈ ਤਿਰੂਪਤੀ ਕਰ ਰਿਹਾ ਖ਼ਾਸ ਉਪਰਾਲਾ
ਇਸ ਮੌਕੇ ਬਹਾਵਲਪੁਰ ਟਰੱਸਟ ਦੇ ਚੇਅਰਮੈਨ ਉਮ ਪ੍ਰਕਾਸ ਮੁਖੀਜਾ ਨੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਐਨ. ਕੇ ਅਗਰਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ, ਗਰੀਬ ਬੱਚਿਆਂ ਦੀ ਪੜਾਈ, ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣਾਂ ਆਦਿ ਸਮਾਜ ਭਲਾਈ ਕੰਮ ਕੀਤੇ ਜਾਂਦੇ ਹਨ।