ਸ੍ਰੀ ਫਤਹਿਗੜ੍ਹ ਸਾਹਿਬ: ਚੋਰਾਂ ਵੱਲੋਂ ਚੋਰੀ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਇੱਕ ਨੌਸਰਬਾਜ਼ ਔਰਤ ਵੱਲੋਂ ਸੁਨਿਆਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਜਿੱਥੇ ਉਸ ਵੱਲੋਂ ਸੋਨੇ ਦੀਆਂ ਬਾਲੀਆਂ ਅਤੇ ਟੌਪਸ ਨੂੰ ਦੇਖਦੇ ਹੋਏ ਇੱਕ-ਇੱਕ ਕਰਕੇ ਦੋ ਬਾਲੀਆਂ ਅਤੇ ਇੱਕ ਟੋਪਸ ਚੋਰੀ ਕੀਤੇ ਗਏ। ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ਵਿੱਚ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜੋ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ: ਦਿਨ ਦਿਹਾੜੇ ਸਰਹਿੰਦ ਦੇ ਸੁੁਨਿਆਰ ਦੀ ਦੁੁਕਾਨ ਵਿੱਚ ਵਾਪਰੇ ਇਸ ਕਾਂਡ ਦੀ ਹਰ ਪਾਸੇ ਚਰਚਾ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਜਿਉਲਰਜ ਰੇਲਵੇ ਰੋਡ ਹਮਾਯੂੰਪੁਰ ਸਰਹਿੰਦ ਦੇ ਮਾਲਕ ਬੱਬੀ ਵਰਮਾ ਨੇ ਦੱਸਿਆ ਕਿ ਇਕ ਔਰਤ ਸੋਨੇ ਦੀ ਖਰੀਦਦਾਰੀ ਕਰਨ ਲਈ ਪਹੁੰਚੀ ਸੀ, ਜਿਸ ਨੇ ਕੰਨਾਂ ਵਿੱਚ ਪਾਉਣ ਵਾਲੀਆਂ ਘੱਟ ਵਜ਼ਨ ਦੀਆਂ ਵਾਲੀਆ ਦਿਖਾਉਣ ਦੀ ਮੰਗ ਕੀਤੀ। ਜਿਸ ਕਰਕੇ ਉਸ ਨੇ ਕਈ ਤਰ੍ਹਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਕੰਨਾਂ ਦੇ ਟੌਪਸ ਉਸ ਔਰਤ ਨੂੰ ਦਿਖਾਏ। ਜਿਸ ਵੇਲੇ ਉਕਤ ਔਰਤ ਸੋਨੇ ਦੀਆਂ ਵਾਲੀਆਂ ਦੇਖ ਰਹੀ ਸੀ, ਉਸ ਸਮੇਂ ਉਸਨੇ 2 ਜੋੜੇ ਵਾਲੀਆਂ ਅਤੇ ਇੱਕ ਜੋੜਾ ਟੌਪਸ ਆਪਣੇ ਹੱਥਾਂ ਵਿੱਚ ਹੀ ਛੁੁਪਾ ਲਏ। ਜਿਸ ਬਾਰੇ ਉਸ ਨੂੰ ਉਸ ਸਮੇਂ ਕੁਝ ਪਤਾ ਨਹੀ ਲੱਗਾ।
ਹਜ਼ਾਰਾਂ ਰੁਪਏ ਦੇ ਸੋਨੇ ਦੀ ਠੱਗੀ: ਉਕਤ ਔਰਤ ਵਾਲੀਆਂ ਪਸੰਦ ਨਹੀ ਹਨ, ਇਹ ਕਹਿ ਕੇ ਦੁਕਾਨ ਵਿੱਚੋਂ ਚਲੇ ਗਈ। ਮੁਲਜ਼ਮ ਔਰਤ ਦੇ ਜਾਣ ਤੋਂ ਕੁਝ ਦੇਰ ਬਾਦ ਉਸ ਨੇ ਬਾਲੀਆਂ ਅਤੇ ਟੌਪਸ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਵਿੱਚ 2 ਜੋੜੇ ਵਾਲੀਆਂ ਅਤੇ ਇਕ ਜੋੜਾ ਟੌਪਸ ਘੱਟ ਹਨ। ਜਦੋਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਕਤ ਔਰਤ ਸੋਨਾ ਲੇ ਕੇ ਫਰਾਰ ਹੋ ਗਈ ਹੈ। ਇਹ 2 ਜੋੜੇ ਬਾਲੀਆਂ ਅਤੇ 1 ਜੋੜਾ ਟੌਪਸ ਲਗਭਗ ਸਵਾ ਤੋਲੇ ਦੇ ਸਨ, । ਬੱਬੀ ਵਰਮਾ ਨੇ ਦੱਸਿਆ ਕਿ ਇਸ ਦੇ ਸੰਬੰਧ ਵਿੱਚ ਥਾਣਾ ਸਰਹਿੰਦ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੂਜੇ ਪਾਸੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਤਸਵੀਰਾਂ ਨੂੰ ਖੰਗਾਲ ਕੇ ਮੁਲਜ਼ਮ ਮਹਿਲਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ਾਤਿਰ ਮਹਿਲਾ ਮੁਲਜ਼ਮ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਧਰਤੀ 'ਤੇ ਵਿਛੀਆਂ ਫਸਲਾਂ ਨੂੰ ਵੇਖ ਢਾਡੇ ਪਰੇਸ਼ਾਨ ਕਿਸਾਨ, ਗਿਰਦਾਵਰੀ ਲਈ ਨਹੀਂ ਪਹੁੰਚਿਆ ਕੋਈ ਅਧਿਕਾਰੀ