ਫ਼ਤਿਹਗੜ੍ਹ ਸਾਹਿਬ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਚੱਲ ਰਿਹਾ ਹੈ। ਇਸ ਵਿੱਚ ਵੱਖ-ਵੱਖ ਵਰਗਾਂ ਦੇ ਵੱਲੋਂ ਕਿਸਾਨੀ ਸੰਘਰਸ਼ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਦੇ ਵੱਲੋਂ 26 ਜਨਵਰੀ ਵਾਲੇ ਦਿਨ ਟਰੈਕਟਰ ਪਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਕਿਸਾਨੀ ਸੰਘਰਸ਼ ਦੇ ਵਿੱਚ ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਸ਼ਾਮਿਲ ਹੋ ਰਹੀਆਂ ਹਨ। ਉੱਥੇ ਹੀ ਛੋਟੀ ਉਮਰ ਦੇ ਬੱਚੇ ਵੀ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੀ ਅਨਾਜ ਮੰਡੀ ਦੇ ਵਿੱਚ ਜਿਥੇ ਕਿਸਾਨ ਟਰੈਕਟਰ ਲੈ ਕੇ ਦਿੱਲੀ ਲਈ ਰਵਾਨਾ ਹੋ ਰਹੇ ਸਨ। ਉੱਥੇ ਇੱਕ 6 ਸਾਲ ਦਾ ਬੱਚਾ ਵੀ ਆਪਣਾ ਛੋਟਾ ਟਰੈਕਟਰ ਲੈ ਕੇ ਪਹੁੰਚਿਆ।
ਗੱਲਬਾਤ ਕਰਦੇ ਹੋਏ ਵਿਰਾਜ ਪ੍ਰਤਾਪ ਸਿੰਘ ਬੱਲ ਨੇ ਕਿਹਾ ਕਿ ਉਹ ਮੰਡੀ ਗੋਬਿੰਦਗੜ੍ਹ ਤੋਂ ਆਇਆ ਹੈ ਅਤੇ ਦਿੱਲੀ ਜਾਵੇਗਾ। ਉੱਥੇ ਜਾ ਕੇ ਮੋਦੀ ਨੂੰ ਕੁੱਟੇਗਾ ਕਿਉਂਕਿ ਮੋਦੀ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਲਈ ਉਹ ਆਪਣਾ ਟਰੈਕਟਰ ਲੈ ਕੇ ਇੱਥੇ ਪਹੁੰਚਿਆ ਹੈ।
ਉੱਥੇ ਹੀ ਗੱਲਬਾਤ ਕਰਦੇ ਹੋਏ ਵਿਰਾਜ ਦੇ ਵੱਡੇ ਭਰਾ ਪੁਖਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਕਿ ਉਨ੍ਹਾਂ ਦਾ ਛੋਟਾ ਭਰਾ ਕਿਸਾਨਾਂ ਦੀ ਹਮਾਇਤ ਦੇ ਵਿੱਚ ਪਹੁੰਚਿਆ ਹੈ। ਉਹ ਟੀਵੀ ਜਾਂ ਟਰੈਕਟਰ 'ਤੇ ਜਾਂਦੇ ਕਿਸਾਨਾਂ ਨੂੰ ਦੇਖਦਾ ਸੀ ਤਾਂ ਉਹ ਪੁੱਛਦਾ ਸੀ ਕਿ ਕਿੱਥੇ ਜਾ ਰਹੇ ਹਨ ਉਹ ਉਹਨੂੰ ਦੱਸਦੇ ਸਨ ਕਿ ਦਿੱਲੀ ਜਾ ਰਹੇ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਅੱਜ ਕਿਸਾਨ ਦਿੱਲੀ ਜਾ ਰਹੇ ਹਨ ਤਾਂ ਉਸ ਨੇ ਵੀ ਆਪਣਾ ਟਰੈਕਟਰ ਤਿਆਰ ਕਰ ਲਿਆ ਤੇ ਇੱਥੇ ਪਹੁੰਚ ਗਿਆ।