ਅਮਲੋਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ, ਕਿਉਂਕ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ ਦੇ ਸਕੂਲਾਂ ਵਿੱਚ ਵੀ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਫ਼ਤਿਹਗੜ੍ਹ ਸਾਹਿਬ ਵਿੱਚ ਅਮਲੋਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਵਿੱਚ ਕੋਰੋਨਾ ਦੇ 28 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 26 ਵਿਦਿਆਰਥੀ ਅਤੇ 2 ਅਧਿਆਪਕ ਸ਼ਾਮਿਲ ਹਨ।
ਉਧਰ, ਅਮਲੋਹ ਦੇ ਨਜ਼ਦੀਕ ਪਿੰਡ ਨਰਾਇਣਗੜ੍ਹ ਦੇ ਸਰਕਾਰੀ ਸਕੂਲ ਵਿੱਚ ਵੀ 14 ਦੇ ਕਰੀਬ ਵਿਦਿਆਰਥੀ, 4 ਅਧਿਆਪਕ ਤੇ 1 ਮਿਡ ਡੇ ਮੀਲ ਵਰਕਰ ਸ਼ਾਮਲ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਮਓ ਅਮਲੋਹ ਲਾਜਿੰਦਰਜੀਤ ਵਰਮਾ ਨੇ ਕਿਹਾ ਕਿ ਅਮਲੋਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਦੇ ਪੌਜ਼ੀਟਿਵ ਹੋਣ ਬਾਰੇ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ 150 ਦੇ ਕਰੀਬ ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 26 ਬੱਚੇ ਤੇ 2 ਅਧਿਆਪਕ ਕੋਰੋਨਾ ਦੀ ਚਪੇਟ ਵਿੱਚ ਹਨ। ਆਉਣ ਵਾਲੇ ਸਮੇਂ ਵਿੱਚ ਰਹਿੰਦੇ ਬੱਚਿਆਂ ਦੇ ਟੈਸਟ ਵੀ ਕੀਤੇ ਜਾਣਗੇ।
ਉਥੇ ਹੀ ਅਮਲੋਹ ਦੇ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਖ਼ਤਮ ਨਹੀਂ ਹੋਈ ਹੈ। ਸਾਨੂੰ ਘਰ ਤੋਂ ਬਾਹਰ ਨਿਕਲਦੇ ਹੋਏ ਮਾਸਕ ਲਗਾਉਣਾ ਚਾਹੀਦਾ ਹੈ, ਹੱਥਾਂ ਨੂੰ ਧੋਣੇ ਚਾਹੀਦੇ ਹਨ ਤੇ ਦੂਰੀ ਬਣਾਕੇ ਰੱਖਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਸੋਮਵਾਰ ਤੱਕ ਬੰਦ ਰੱਖਿਆ ਗਿਆ ਤੇ ਸੈਨੇਟਾਇਜ਼ਰ ਕਰਵਾ ਦਿੱਤਾ ਗਿਆ ਹੈ।