ਫਰੀਦਕੋਟ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਨੱਕ ਹੇਠ ਕੇਂਦਰ ਅਤੇ ਰਾਜ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਪੋਸਟਰ ਲਗੇ ਹੋਏ ਹਨ। ਇਸ ਉੱਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਜਦਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਅਜਿਹੇ ਸਾਰੇ ਹੀ ਇਸ਼ਤਿਹਾਰ ਹੱਟਾ ਦਿੱਤੇ ਜਾਂਦੇ ਹਨ।
ਜਾਣਕਾਰੀ ਅਨੁਸਾਰ ਮਿੰਨੀ ਸਕੱਤਰੇਤ ਕੰਪਲੈਕਸ ਵਿਚ ਬਣੇ ਇਕ ATM ਉਪਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦਾ ਹੋਇਆ ਵੱਡਾ ਪੋਸਟਰ ਲੱਗਾ ਹੈ। ਦੂਜੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਤੋਂ ਬਾਹਰ ਪਬਲਿਕ ਐਂਟਰੀ ਦੇ ਗੇਟ ਵੱਲ ਸੂਬੇ ਦੀ ਕਾਂਗਰਸ ਸਰਕਾਰ ਦੇ ਨੌਕਰੀ ਮੇਲੇ ਵਾਲੇ ਪੋਸਟਰ ਲਗੇ ਹੋਏ ਹਨ।
ਇਸ ਸਬੰਧੀ ਜਦ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵੈਸੇ ਤਾਂ ਪੂਰੇ ਜ਼ਿਲ੍ਹੇ ਅੰਦਰ ਅਜਿਹਾ ਕਿਤੇ ਵੀ ਪੋਸਟਰ ਨਹੀਂ ਲਗੇ ਪਰ ਫਿਰ ਵੀ ਜੇਕਰ ਕੀਤੇ ਲਗੇ ਹਨ ਤਾਂ ਜਲਦ ਹੀ ਉਥੋਂ ਪੋਸਟਰ ਉਤਾਰ ਦਿੱਤੇ ਜਾਣਗੇ।