ਫ਼ਰੀਦਕੋਟ: ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਪੁਲਿਸ ਨੇ 3 ਬਦਮਾਸ਼ਾਂ ਨੂੰ ਅਸਲੇ ਸਮੇਤ ਕਾਬੂ ਕੀਤਾ। ਅਸਲੇ ਦੇ ਜ਼ੋਰ ਅਤੇ ਜੇਲ੍ਹ ਵਿੱਚ ਬੰਦ ਆਪਣੇ ਗੈਂਗਸਟਰ ਆਕਾਵਾਂ ਦੇ ਕਹਿਣ 'ਤੇ ਫਿਰੌਤੀ ਮੰਗਣ ਵਾਲੇ ਇਨ੍ਹਾਂ ਤਿੰਨਾਂ ਬਦਮਾਸ਼ਾਂ ਨੂੰ ਥਾਣਾ ਫ਼ਰੀਦਕੋਟ ਸ਼ਹਿਰੀ ਅਤੇ ਸੀਆਈਏ ਸਟਾਫ਼ ਨੇ 32 ਬੋਰ ਦੇ ਦੋ ਪਿਸਤੌਲਾਂ ਅਤੇ ਦਸ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।
ਇਨ੍ਹਾਂ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਬਾਰੇ ਦੱਸ ਦਿਆਂ ਐੱਸਪੀ (ਜਾਂਚ) ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਸੁਰਿੰਦਰ ਸਿੰਘ, ਜਸਪਤਲ ਸਿੰਘ ਅਤੇ ਇਨ੍ਹਾਂ ਦਾ ਇੱਕ ਸਾਥੀ ਬਾਲਾ ਢੁੱਡੀ ਲੋਕਾਂ ਤੋਂ ਡਰਾ ਧਮਾ ਕੇ ਫਿਰੌਤੀਆਂ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੇ ਜ਼ੇਲ੍ਹ 'ਚ ਬੰਦ ਆਪਣੇ ਆਕਾਵਾਂ ਤੋਂ ਦਿਸ਼ਾ-ਨਿਰਦੇਸ਼ ਲੈ ਕੇ ਅਪਰਾਧ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਬੀਤੀ ਦਿਨੀਂ ਜੈਤੋਂ ਵਿੱਚ ਇੱਕ ਵਪਾਰੀ ਤੋਂ ਵੀ ਇਨ੍ਹਾਂ ਨੇ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂਂ ਵਪਾਰੀ ਨੇ ਫਿਰੌਤੀ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਇਨ੍ਹਾਂ ਨੇ ਉਸ ਦੀ ਦੁਕਾਨ 'ਤੇ ਫਾਈਰਿੰਗ ਵੀ ਕੀਤੀ ਸੀ। ਇਹ ਵਾਰਦਾਤ ਇਨ੍ਹਾਂ ਤਿੰਨਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਬੂਲ ਕੀਤੀ ਹੈ। ਉਨ੍ਹਾਂ ਕਿਹਾ ਇਨ੍ਹਾਂ ਤੋਂ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਨ੍ਹਾਂ ਤਿੰਨ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਪੰਜਾਬ ਦੇ ਜੇਲ੍ਹ ਪ੍ਰਬੰਧ ਅਤੇ ਪੁਲਿਸ ਪ੍ਰਬੰਧ 'ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ। ਜੇਲ੍ਹਾਂ ਵਿੱਚ ਅਪਰਾਧੀਆਂ ਵੱਲੋਂ ਚਾਲਏ ਜਾ ਰਹੇ ਗੈਂਗਾਂ ਦੀ ਪੁਸ਼ਟੀ ਵੀ ਕਰਦੀ ਹੈ। ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਿ ਪੁਲਿਸ ਅਤੇ ਜੇਲ੍ਹ ਵਿਭਾਗ ਇਨ੍ਹਾਂ ਅਪਰਾਧੀਆਂ 'ਤੇ ਸ਼ਕੰਜਾ ਕਿਉਂ ਨਹੀਂ ਕੱਸ ਪਾ ਰਿਹਾ।