ਫਰੀਦਕੋਟ : ਫਰੀਦਕੋਟ ਪੁਲਿਸ ਨੇ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਿਖੇ ਵਾਪਰੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਲੁੱਟ ਦੇ ਕਰੀਬ 3 ਹਜ਼ਾਰ ਰੁਪਏ ਤੇ ਲੁੱਟੇ ਗਏ ਪਿਸਤੌਲ ਸਮੇਤ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹੀ ਨਹੀਂ ਲੁੱਟ ਦੀ ਇਸ ਵਾਰਦਾਤ ਨੇ ਇਕ ਅਜਿਹੇ ਅਪਰਾਧ ਤੋਂ ਵੀ ਪਰਦਾ ਚੁੱਕਿਆ ਜੋ ਸ਼ਰੇਆਮ ਮੈਡੀਕਲ ਸਟੋਰ ਮਾਲਕ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ।
ਹੁਣ ਜਿਥੇ ਫਰਦਿਕੋਟ ਪੁਲਿਸ ਨੇ ਦੁਕਾਨ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਥੇ ਹੀ ਪੁਲਿਸ ਮੈਡੀਕਲ ਸਟੋਰ ਮਾਲਕ 'ਤੇ ਵੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਵਿਸ਼ੇਸ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ ਇਨਵੈਸਟੀਗੇਸ਼ਨ ਫਰੀਦਕੋਟ ਗਗਨੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਿਖੇ ਗੁਰਮੀਤ ਮੈਡੀਕਲ ਸਟੋਰ 'ਤੇ ਦਵਾਈ ਲੈਣ ਦੇ ਬਹਾਨੇ ਦਾਖਲ ਹੋਏ ਤਿੰਨ ਅਣਪਛਾਤੇ ਲੁਟੇਰਿਆਂ ਨੇ ਏਅਰ ਪਿਸਤੌਲ ਦੇ ਜ਼ੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚ ਦੁਕਾਨ ਮਾਲਕ ਨੇ 40 ਹਜ਼ਾਰ ਰੁਪਏ ਦੀ ਨਕਦੀ ਤੇ ਇਕ 32 ਬੋਰ ਪਿਸਤੌਲ ਸਮੇਤ 12 ਕਾਰਤੂਸ ਲੁੱਟ ਹੋਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਹਮਲੇ ਤੋਂ ਬਾਅਦ ਬੋਲੇ SGPC ਪ੍ਰਧਾਨ, ਕਿਹਾ- ਸਾਨੂੰ ਮੋਰਚੇ ਨੇ ਸੱਦਿਆ, ਪੰਡਾਲ ਦੇ ਬਾਹਰ ਕੀਤਾ ਮੇੇਰੇ 'ਤੇ ਹਮਲਾ
ਉਨ੍ਹਾਂ ਦੱਸਿਆ ਕਿ ਫਰੀਦਕੋਟ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਤਿੰਨਾਂ ਲੁਟੇਰਿਆਂ ਨੂੰ ਟਰੇਸ ਕਰ ਲਿਆ ਜਿਨ੍ਹਾਂ ਵਿਚੋਂ ਇਕ ਢਿਲਵਾਂ ਪਿੰਡ ਦਾ ਹੀ ਰਹਿਣ ਵਾਲਾ ਹੈ ਜੋ ਉਕਤ ਦੁਕਾਨ ਮਾਲਕ ਤੋਂ ਨਸ਼ੀਲੀਆਂ ਗੋਲੀਆਂ ਖਰੀਦਣ ਲਈ ਆਉਂਦਾ ਜਾਂਦਾ ਰਹਿੰਦਾ ਸੀ। ਮਾਮਲੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੁਕਾਨਦਾਰ ਨੇ ਲੁੱਟ ਦੀ ਰਕਮ 40 ਹਜ਼ਾਰ ਦੱਸੀ ਪਰ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਕਰੀਬ 4 ਹਜ਼ਾਰ ਰੁਪਏ ਦੀ ਹੀ ਲੁੱਟ ਹੋਈ ਸੀ।
ਮੈਡੀਕਲ ਸਟੋਰ ਮਾਲਕ ਕੋਲ ਆਪਣਾ ਖੁਦ ਦਾ ਲਾਇਸੈਂਸ ਵੀ ਨਹੀਂ ਹੈ ਉਹ ਆਪਣੇ ਭਰਾ ਦੇ ਨਾਮ ਉਤੇ ਦੁਕਾਨ ਚਲਾ ਰਿਹਾ ਸੀ ਅਤੇ ਜੋ ਪਿਸਤੌਲ ਲੁੱਟਿਆ ਗਿਆ ਉਹ ਵੀ ਇਸਦਾ ਨਹੀਂ ਸਗੋਂ ਇਸ ਦੇ ਪਿਤਾ ਦੇ ਨਾਮ ਉਤੇ ਹੈ। ਪੁਲਿਸ ਹੁਣ ਇਸ ਦੁਕਾਨਦਾਰ ਉਤੇ ਵੀ ਕਾਰਵਾਈ ਦੀ ਤਿਆਰੀ ਕਰ ਰਹੀ।