ਫਰੀਦਕੋਟ: ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਘੱਟਣ ਦੀ ਥਾਂ ਵਧ ਗਈਆਂ ਹਨ। ਦੱਸ ਦਈਏ ਕਿ ਬੇਅਦਬੀ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਸਬੰਧੀ ਮੁਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਵਿਸ਼ੇਸ਼ ਜਾਂਚ ਟੀਮ ਨੇ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਦਰਜ ਐਫਆਈਆਰ ਨੰਬਰ 128 ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਸਬੰਧੀ ਦਰਜ ਐਫਆਈਆਰ ਨੰਬਰ 117 ’ਚ ਮੁਖ ਦੋਸ਼ੀ ਵੱਜੋਂ ਨਾਮਜ਼ਦ ਕੀਤਾ ਗਿਆ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਐਸਆਈਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਮਾਮਲੇ ਸਬੰਧੀ ਦਰਜ ਐਫਆਈਆਰ ਨੰਬਰ 63 ’ਚ ਪਹਿਲਾਂ ਹੀ ਨਾਮਜ਼ਦ ਕਰ ਚੁੱਕੀ ਹੈ।
4 ਮਈ ਨੂੰ ਪੇਸ਼ ਹੋਣ ਦੇ ਹੁਕਮ: ਇਸ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੋਰ ਵੀ ਜਿਆਦਾ ਵਧ ਚੁੱਕੀਆਂ ਹਨ। ਦੱਸ ਦਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰੀਦਕੋਟ ਅਦਾਲਤ ਨੇ 4 ਮਈ 2022 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੁਕਮ ਹੋਣ ਦੇ ਹੁਕਮ ਦਿੱਤੇ ਹਨ।
ਕੀ ਹੈ ਬਰਗਾੜੀ ਬੇਅਦਬੀ ਮਾਮਲਾ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਅਤੇ ਵਿਵਾਦਤ ਪੋਸਟਰ ਲਗਾਉਣ ਦੀਆਂ ਘਟਨਾਵਾਂ 'ਚ ਡੇਰਾ ਸੱਚਾ ਸੌਦਾ ਦੇ 6 ਪੈਰੋਕਾਰਾਂ 'ਤੇ ਕੇਸ ਚੱਲ ਰਿਹਾ ਹੈ। ਜਿਨ੍ਹਾਂ ’ਚ ਡੇਰਾ ਸਿਰਸਾ ਦੇ 6 ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਸੰਨੀ, ਸ਼ਕਤੀ ਸਿੰਘ ,ਰਣਜੀਤ ਸਿੰਘ ਭੋਲਾ ,ਮਨਜੀਤ ਸਿੰਘ, ਨਿਸ਼ਾਂਨ ਸਿੰਘ ਅਤੇ ਪ੍ਰਦੀਪ ਸਿੰਘ ਸ਼ਾਮਲ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਨੇ PM ਤੋਂ ਮੰਗੇ 1 ਲੱਖ ਕਰੋੜ, ਭਾਜਪਾਈ ਭੜਕੇ