ਫਰੀਦਕੋਟ: ਜਿੱਥੇ ਬੀਤੇ ਕੱਲ੍ਹ ਪੰਜਾਬ ਦੇ ਪਟਿਆਲਾ 'ਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ 'ਚ ਕਾਫੀ ਬਵਾਲ ਹੋ ਰਿਹਾ ਹੈ। ਉਥੇ ਹੀ ਫਰੀਦਕੋਟ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਨਵੇਕਲੀ ਪਿਰਤ ਪਾਈ ਹੈ। ਫਰੀਦਕੋਟ ਦੇ ਹਲਕਾ ਵਿਧਾਇਕ ਵੱਲੋਂ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਰਮਜਾਨ ਦੇ 27ਵੇਂ ਰੋਜੇ ਵਾਲੇ ਦਿਨ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ 'ਚ ਬੁਲਾ ਕੇ ਜਿਥੇ ਉਹਨਾਂ ਦਾ ਰੋਜਾ ਖੁਲਵਾਇਆ ਗਿਆ ਉਥੇ ਹੀ ਉਹਨਾਂ ਨੂੰ ਨਮਾਜ ਪੜ੍ਹਨ ਲਈ ਢੁਕਵਾਂ ਮਾਹੌਲ ਵੀ ਬਣਾ ਕੇ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰ ਮਾਤਾ ਖੀਵੀ ਜੀ ਦੇ ਪ੍ਰਬੰਧਕ ਕੈਪਟਨ ਧਰਮ ਸਿੰਘ ਗਿੱਲ ਨੇ ਕਿਹਾ ਕਿ ਫਰੀਦਕੋਟ 'ਚ ਹਮੇਸ਼ਾ ਭਾਈਚਾਰਕ ਸਾਂਝ ਬਰਕਾਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਜੋ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਰਮਜਾਨ ਦੇ 27ਵੇਂ ਰੋਜੇ ਵਾਲੇ ਦਿਨ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਰੋਜਾ ਖੁਲਵਾਇਆ ਜਾ ਰਿਹਾ ਇਹ ਬਹੁਤ ਹੀ ਸਲਾਂਘਾਯੋਗ ਕਾਰਜ ਹੈ।
ਜਿਸ 'ਚ ਉਹਨਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦਾ ਮਕਸਦ ਸਿਰਫ ਇਹੀ ਹੈ ਕਿ ਸਿਰਫ ਇਨਸਾਨੀਅਤ ਦੀ ਪੂਜਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਨਸਾਨੀਅਤ ਸਭ ਧਰਮਾਂ ਤੋਂ ਉਪਰ ਹੈ ਅਤੇ ਉਹ ਇਨਸਾਨੀਅਤ ਦਾ ਧਰਮ ਨਿਭਾਉਂਦੇ ਹੋਏ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਰੋਜੇ ਖੁਲਵਾ ਰਹੇ ਹਨ ਤਾਂ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ।
ਇਸ ਮੌਕੇ ਗੱਲਬਾਤ ਕਰਦਿਆ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਨਸਾਨੀਅਤ ਦਾ ਧਰਮ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਰਮਜਾਨ ਦੇ ਮਹੀਨੇ ਦੌਰਾਨ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ 27ਵਾਂ ਰੋਜਾ ਹੈ। ਉਹਨਾਂ ਕਿਹਾ ਕਿ ਅੱਜ ਦਾ ਰੋਜਾ ਉਹਨਾਂ ਵੱਲੋਂ ਖੁਲਵਾਇਆ ਜਾ ਰਿਹਾ ਹੈ ਤਾਂ ਸੂਬੇ ਅੰਦਰ ਆਪਣੀ ਭਈਚਾਰਕ ਸਾਂਝ ਬਰਕਰਾਰ ਰਹਿ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਜਾਮਾਂ ਮਸਜਿਦ ਫਰੀਦਕੋਟ ਦੇ ਸਾਹੀ ਇਮਾਮ ਨੇ ਕਿਹਾ ਕਿ ਫਰੀਦਕੋਟ ਦੇ ਲੋਕਾਂ ਵੱਲੋਂ ਹਮੇਸ਼ਾ ਹੀ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਅੰਦਰ ਉਹਨਾਂ ਦਾ ਰੋਜਾ ਖੁਲਵਾਇਆ ਜੋ ਆਪਣੇ ਆਪ 'ਚ ਸਲਾਂਘਾਂਯੋਗ ਕਦਮ ਹੈ। ਉਹਨਾਂ ਕਿਹਾ ਕਿ ਜੇਕਰ ਜਦੋਂ ਅਜਿਹੀ ਭਾਈਚਾਰਕ ਸਾਂਝ ਪੈਦਾ ਹੋਵੇਗੀ ਤਾਂ ਇਸ ਨਾਲ ਜਿਥੇ ਭਾਈਚਾਰਕ ਸਾਂਝ ਵਧੇਗੀ ਉਥੇ ਹੀ ਸਾਡਾ ਮੁਲਕ ਵੀ ਤਰੱਕੀ ਕਰੇਗਾ।
ਇਹ ਵੀ ਪੜ੍ਹੋ:- ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ 9 ਲੋਕਾਂ ਨੂੰ ਸੰਮਨ ਜਾਰੀ, ਜਾਣੋ ਮਾਮਲਾ