ਫ਼ਰੀਦਕੋਟ: 2 ਦਿਨਾਂ ਤੱਕ ਲਗਾਤਾਰ ਪਏ ਮੀਂਹ ਕਾਰਨ ਜੈਤੋ ਸ਼ਹਿਰ ਪੂਰੀ ਤਰ੍ਹਾਂ ਪਾਣੀ-ਪਾਣੀ ਹੋ ਗਿਆ ਹੈ। ਭਾਰੀ ਮੀਂਹ ਨੇ ਸਰਕਾਰ ਦੇ ਵਿਕਾਸ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਥੇ ਥਾਂ-ਥਾਂ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਂਹ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ, ਕਿ ਸਿਆਸੀ ਆਗੂ ਵਿਕਾਸ ਦੇ ਨਾਂਅ 'ਤੇ ਲੋਕਾਂ ਕੋਲੋਂ ਸਿਰਫ਼ ਵੋਟਾਂ ਹਾਸਲ ਕਰ ਲੈਂਦੇ ਹਨ। ਸਮੇਂ ਦੇ ਨਾਲ ਕੁਰਸੀ ਤਾਂ ਬਦਲ ਜਾਂਦੀ ਹੈ ਪਰ ਸ਼ਹਿਰ ਦੇ ਹਲਾਤ ਨਹੀਂ ਬਦਲਦੇ। ਖਸਤਾ ਹਾਲਤ ਸੜਕਾਂ ਤੇ ਸੀਵਰੇਜ ਦੇ ਪਾਣੀ ਦੇ ਸਹੀ ਨਿਕਾਸੀ ਪ੍ਰਬੰਧ ਨਾ ਹੋਣ ਚਲਦੇ ਸ਼ਹਿਰ ਨੇ ਦਰਿਆ ਦਾ ਰੂਪ ਧਾਰ ਲਿਆ ਹੈ। ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਖ਼ੁਦ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਚੁੱਕੇ।
ਇਸ ਮੌਕੇ ਸ਼ਹਿਰ ਦੇ ਕਾਂਗਰਸੀ ਆਗੂ ਕਾਲਾ ਸ਼ਰਮਾ ਨੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ, ਪਰ ਜੈਤੋਂ ਦੇ ਵਿਕਾਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਕੁੱਝ ਨਹੀਂ ਕੀਤਾ।
ਉਨ੍ਹਾਂ ਹਲਕੇ ਦੇ ਕਾਂਗਰਸੀ ਆਗੂ ਅਤੇ ਮੌਜੂਦਾ ਪਾਰਲੀਮੈਂਟ ਮੈਂਬਰ ਮੁਹੰਮਦ ਸਦੀਕ ਤੇ ਦੋਸ਼ ਲਗਾਏ ਕਿ ਉਹ ਸ਼ਹਿਰ ਦੇ ਕੰਮ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ। ਕਾਲਾ ਸ਼ਰਮਾ ਨੇ ਕਿਹਾ ਐਮਪੀ ਸਾਹਿਬ ਵੱਖ-ਵੱਖ ਵਿਕਾਸ ਕਾਰਜਾਂ ਦੇ ਸਿਰਫ ਨੀਂਹ ਪੱਥਰ ਹੀ ਲਗਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਉਨ੍ਹਾਂ ਨੇ ਆਪਣੇ ਸ਼ਹਿਰ ਦਾ ਇੱਕ ਵੀ ਕੰਮ ਪੂਰਾ ਨਹੀਂ ਕਰਵਾਇਆ।
ਉਨ੍ਹਾਂ ਦੱਸਿਆ ਕਿ ਨਗੇਜ਼ ਦੇ ਬੱਸ ਸਟੈਂਡ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਬੁਰੀ ਤਰ੍ਹਾਂ ਟੁੱਟ ਗਈ ਹੈ। ਇਥੇ ਸੜਕ ਵਿਚਾਲੇ ਥਾਂ-ਥਾਂ ਟੋਏ ਪਏ ਹਨ, ਜਿਸ ਨਾਲ ਸੜਕ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਫਿਰ ਵੀ ਕੋਈ ਇਸ ਸ਼ਹਿਰ ਦੀ ਸਾਰ ਨਹੀਂ ਲੈ ਰਿਹਾ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪਿਲ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਸਮੱਸਿਆ ਹੱਲ ਕੀਤੀ ਜਾਵੇ ।
ਇਸ ਪੂਰੇ ਮਾਮਲੇ ਸਬੰਧੀ ਜਦ ਨਾਇਬ ਤਸੀਲਦਾਰ ਜੈਤੋ ਹੀਰਾ ਵੰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਵਿੱਚ ਸੀਵਰੇਜ ਦਾ ਪਾਣੀ ਇਕੱਠਾ ਹੋ ਗਿਆ। ਬੰਦ ਪਈ ਸੀਵਰੇਜ ਦੀ ਮੋਟਰਾਂ ਚਲਾ ਦਿੱਤੀਆਂ ਗਈਆਂ ਹਨ ਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ।