ਫ਼ਰੀਦਕੋਟ : ਭਾਰਤ ਦੇ 7ਵੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੀ 25ਵੀਂ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਗਿਆਨੀ ਜ਼ੈਲ ਸਿੰਘ ਦਾ ਸਾਥ ਦੇਣ ਵਾਲੇ ਉਹਨਾਂ ਦੇ ਸਾਥੀ ਅਤੇ ਆਜ਼ਾਦੀ ਘੁਲਾਟੀਏ ਅਮਰ ਸਿੰਘ ਸੁਖੀਜਾ ਤੋਂ ਇਲਾਵਾ ਗਿਆਨੀ ਜੀ ਦੇ ਪਰਿਵਾਰਕ ਮੈਂਬਰਾਂ, ਸਾਬਕਾ ਐੱਮਪੀ ਪ੍ਰੋ.ਸਾਧੂ ਸਿੰਘ, ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਸੇਖੋਂ ਅਤੇ ਸਾਬਕਾ ਵਿਧਾਇਕ ਉਪਿੰਦਰ ਸ਼ਰਮਾਂ ਤੋਂ ਇਲਾਵਾ ਕਈ ਸਮਾਜ ਸੇਵੀ ਸਖਸੀਅਤਾਂ ਵਲੋਂ ਗਿਆਨੀ ਜੈਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਸਮਾਰੋਹ ਵਿੱਚ ਗਿਆਨੀ ਜੀ ਦੇ ਰਾਜਨੀਤਿਕ ਜੀਵਨ ਉੱਤੇ ਅਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ ਵੀ ਵਿਖਾਈ ਗਈ। ਇਸ ਦੇ ਨਾਲ ਹੀ ਅੱਜ ਇਸ ਸਮਾਰੋਹ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ ਗਿਆ ਅਤੇ ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਐਨੀਮੇਟਿਡ ਫ਼ਿਲਮ ਵੀ ਦਿਖਾਈ ਗਈ।
ਇਸ ਮੌਕੇ ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਸੇਖੋਂ ਜੋ ਗਿਆਨੀ ਜੀ ਦੇ ਸਾਥੀ ਅਤੇ ਸਲਾਹਕਾਰ ਰਹੇ, ਨੇ ਦੱਸਿਆ ਕਿ ਗਿਆਨੀ ਜੀ ਨੂੰ ਸਿਰਫ਼ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਹੋਣ ਦਾ ਮਾਣ ਹੀ ਨਹੀਂ ਮਿਲਿਆ ਬਲਕਿ ਉਹ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਸੰਧਵਾਂ ਦੇ ਇੱਕ ਬੇਹਦ ਗਰੀਬ ਪਰਿਵਾਰ ਵਿਚੋਂ ਸਨ, ਪਰ ਆਪਣੀ ਮਿਹਨਤ, ਸੰਘਰਸ਼ ਅਤੇ ਇਮਾਨਦਾਰੀ ਦੇ ਚਲਦਿਆਂ ਐਸਾ ਮੁਕਾਮ ਹਾਸਲ ਕੀਤਾ ਜੋ ਕੋਈ ਹੋਰ ਸ਼ਾਇਦ ਨਹੀਂ ਕਰ ਸਕਦਾ ਅਤੇ ਉਹਨਾਂ ਨੇ ਆਪਣੇ ਸਾਰੇ ਰਾਜਨੀਤਿਕ ਕਰੀਅਰ ਦੌਰਾਨ, ਇਮਾਨਦਾਰੀ ਨਾਲ ਲੋਕਾਂ ਦੇ ਲਈ ਕੰਮ ਕੀਤਾ।
ਗਿਆਨੀ ਜ਼ੈਲ ਸਿੰਘ ਦੇ ਪੋਤਰੇ ਅਤੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਵੇਂ ਹੀ ਦੇਸ਼ ਅੱਜ ਗਿਆਨੀ ਜੀ ਨੂੰ ਭੁੱਲ ਰਿਹਾ ਹੈ ਪਰ ਜੋ ਦੇਸ਼ ਵਾਸੀਆਂ ਦੇ ਲਈ ਉਹਨਾਂ ਨੇ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਸਿਅਸਤ ਵੀ ਸਾਫ਼-ਸੁਥਰੀ ਕੀਤੀ ਅਤੇ ਆਪਣੇ ਇਲਾਕੇ ਲਈ ਉਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਕੰਮ ਕੀਤਾ ਜਿਸ ਦੇ ਨਤੀਜੇ ਵਜੋਂ ਫ਼ਰੀਦਕੋਟ ਵਿੱਚ ਪਹਿਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਪ੍ਰੋਜੈਕਟ ਲਿਆਂਦਾ ਗਿਆ। ਉੱਥੇ ਹੀ ਫ਼ਰੀਦਕੋਟ ਨੂੰ ਜ਼ਿਲ੍ਹੇ ਦਾ ਦਰਜਾ ਦਵਾਉਣ ਵਿੱਚ ਵੀ ਉਹਨਾਂ ਦਾ ਅਹਿਮ ਯੋਗਦਾਨ ਹੈ।