ਫਰੀਦਕੋਟ: ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਆਮ ਲੋਕਾਂ ਦੇ ਅੱਖਾਂ ਵਿਚੋਂ ਅੱਥਰੁ ਕੱਢ ਦਿੱਤੇ ਹਨ। ਪਿਆਜ਼ ਲੋਕਾਂ ਦੀ ਖਰੀਦ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੰਡੀ ਵਿੱਚ ਪਿਆਜ਼ ਕਰੀਬ 65 ਰੁਪਏ ਤੋਂ ਲੈ ਕੇ 85 ਰੁਪਏ ਪ੍ਰਤੀ ਕਿਲੋ ਤੱਕ ਵਿੱਕ ਰਿਹਾ ਹੈ।
ਪਿਆਜ਼ ਦੇ ਵੱਧ ਰਹੇ ਦਾਮਾਂ ਦੇ ਕਾਰਨਾਂ ਬਾਰੇ ਰਾਜਸਥਾਨ, ਨਾਸਿਕ, ਅਲਵਰ ਅਤੇ ਅਫਗਾਨਿਸਤਾਨ ਤੋਂ ਪੰਜਾਬ ਵਿੱਚ ਹੁੰਦੀ ਸਪਲਾਈ ਬੰਦ ਹੋਣਾ ਦੱਸਿਆ ਜਾ ਰਿਹਾ ਹੈ। ਜਿਸ ਦਾ ਕਾਰਨ ਉਕਤ ਸੂਬਿਆਂ ਵਿੱਚ ਭਾਰੀ ਮੀਂਹ ਦਾ ਪੈਣਾ ਹੈ। ਜੇਕਰ ਮੌਜੂਦਾ ਸਮੇਂ ਪਿਆਜ਼ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਨੂੰ 80 ਰੁਪਏ ਦੇ ਕਰੀਬ ਤੱਕ ਪਿਆਜ਼ ਖ਼ਰੀਦਣਾ ਪੈ ਰਿਹਾ ਹੈ। ਉੱਥੇ ਹੀ ਆਮ ਲੋਕਾਂ ਨੇ ਪਿਆਜ਼ ਦੇ ਵਧੇ ਰੇਟਾਂ ਦਾ ਕਾਰਨ ਵਪਾਰੀਆਂ ਅਤੇ ਸਰਕਾਰ ਦੀ ਮਿਲੀ ਭੁਗਤ ਕਰਾਰ ਦਿੱਤਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਰੇਟ ਤਾਂ ਪਹਿਲਾਂ ਹੀ ਬਹੁਤ ਵੱਧ ਸੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 65 ਰੁਪਏ ਤੋਂ ਲੈ ਕੇ 85 ਰੁਪਏ ਪ੍ਰਤੀ ਕਿੱਲੋ ਪਿਆਜ਼ ਖਰੀਦਣਾ ਪੈ ਰਿਹਾ ਹੈ ਜਿੰਨੇ ਪੈਸੇ ਹੁਣ 2 ਕਿੱਲੋ ਪਿਆਜ਼ 'ਤੇ ਲਗਦੇ ਨੇ ਪਹਿਲਾਂ ਇੰਨੇ ਦੀਆਂ ਸਾਰੀਆਂ ਸਬਜ਼ੀਆਂ ਆ ਜਾਂਦੀਆਂ ਸਨ। ਉੱਥੇ ਹੀ ਸਬਜ਼ੀ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਪਿਆਜ਼ ਦੇ ਵਧੇ ਰੇਟ ਦਾ ਕਾਰਨ ਬਰਸਾਤ ਦਾ ਪੈਣਾ ਹੈ, ਉਨ੍ਹਾਂ ਨੇ ਕਿਹਾ ਕਿ ਫ਼ਰੀਦਕੋਟ ਵਿੱਚ ਸਿਰਫ ਇੱਕ ਗੱਡੀ ਪਿਆਜ਼ ਦੀ ਆ ਰਹੀ ਹੈ ਦੂਜੇ ਸੂਬਿਆਂ ਚ ਪਿਆਜ਼ ਦੀ ਫ਼ਸਲ ਨੂੰ ਬਰਸਾਤ ਨੇ ਪ੍ਰਭਾਵਿਤ ਕੀਤਾ ਹੈ ਇਸ ਕਰਕੇ ਪਿਆਜ਼ ਦੀ ਸਪਲਾਈ ਬੰਦ ਹੋ ਗਈ ਹੈ ਜਿਸ ਕਾਰਨ ਪਿਆਜ਼ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਇਆ ਹੈ।