ਫ਼ਰੀਦਕੋਟ: ਅੱਜ ਕੱਲ੍ਹ ਲੋਕ ਬਾਜ਼ਾਰ ਵਿੱਚ ਜਾ ਕੇ ਸ਼ੋਪਿੰਗ ਕਰਨ ਨਾਲੋਂ ਚੰਗਾ ਆਨਲਾਈਨ ਸ਼ੋਪਿੰਗ ਕਰਨਾ ਪਸੰਦ ਕਰਦੇ ਹਨ। ਆਨਲਾਈਨ ਸ਼ੋਪਿੰਗ ਵਿੱਚ ਲੋਕਾਂ ਨੂੰ ਸਸਤੇ ਦਾਮ ਉੱਤੇ ਚੀਜ਼ ਮਿਲ ਜਾਂਦੀ ਤੇ ਇਸ ਨਾਲ ਉਨ੍ਹਾਂ ਦਾ ਸਮਾਂ ਵੀ ਬਚ ਜਾਂਦਾ ਹੈ ਪਰ ਆਨਲਾਈਨ ਸ਼ੋਪਿੰਗ ਵਿੱਚ ਲੋਕਾਂ ਨੂੰ ਚੂਨਾ ਵੀ ਲੱਗ ਜਾਂਦਾ ਹੈ। ਫ਼ਰੀਦਕੋਟ ਦੇ ਇਕ ਵਿਆਹੁਤਾ ਜੋੜੇ ਨੂੰ ਆਨਲਾਈਨ ਸ਼ੌਪਿੰਗ ਵਿੱਚ ਚੂਨਾ ਲੱਗਾ ਹੈ। ਵਿਆਹੁਤਾ ਜੋੜੇ ਨੇ ਆਪਣੇ ਬੱਚੇ ਦੇ ਜਨਮ ਦਿਨ ਮੌਕੇ ਉੱਤੇ ਐਪਲ ਕੰਪਨੀ ਦੀ ਇੱਕ ਘੜੀ ਮੰਗਵਾਈ ਸੀ ਜਿਸ ਵਿੱਚ ਉਨ੍ਹਾਂ ਨੂੰ ਘੜੀ ਦੀ ਥਾਂ ਘੜੀ ਦੇ ਪੱਟੇ ਹੀ ਮਿਲੇ ਹਨ।
ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ 31 ਅਕਤੂਬਰ ਨੂੰ ਫਲਿੱਪ ਕਾਰਟ ਤੋਂ ਐਪਲ ਦੀ ਘੜੀ ਮੰਗਵਾਈ ਸੀ ਜਿਸ ਦੀ ਡਿਲਵਰੀ ਉਨ੍ਹਾਂ ਨੂੰ ਕੁਝ ਦਿਨ ਬਾਅਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਡਰ ਡਿਲੀਵਰ ਹੋਇਆ ਸੀ ਉਦੋਂ ਉਨ੍ਹਾਂ ਨੇ ਉਸ ਨੂੰ ਬਿਨ੍ਹਾਂ ਦੇਖੇ ਹੀ ਆਲਮਾਰੀ ਵਿੱਚ ਰੱਖ ਦਿੱਤਾ। ਜਦੋਂ ਅੱਜ ਉਨ੍ਹਾਂ ਨੇ ਆਪਣੇ ਪਤੀ ਨੂੰ ਫਲਿੱਪ ਕਾਰਟ ਤੋਂ ਡਿਲੀਵਰ ਹੋਏ ਸਾਮਾਨ ਦਿੱਤਾ ਤਾਂ ਉਸ ਵਿੱਚ ਘੜੀ ਨਹੀਂ ਸੀ ਉਸ ਦੇ ਪੱਟੇ ਹੀ ਸੀ।
ਉਨ੍ਹਾਂ ਕਿਹਾ ਕਿ ਫਲਿੱਪ ਕਾਰਟ ਉੱਤੇ ਇਹ ਘੜੀ 25 ਹਜ਼ਾਰ ਦੀ ਸੀ ਜਿਸ ਉੱਤੇ ਉਨ੍ਹਾਂ ਨੂੰ 5000 ਦਾ ਆਫ ਮਿਲ ਰਿਹਾ ਸੀ ਤੇ ਜਿਸ ਕਰਕੇ ਉਨ੍ਹਾਂ ਨੂੰ ਇਹ ਘੜੀ 20 ਹਜ਼ਾਰ ਵਿੱਚ ਪੈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਘੜੀ ਦੀ ਡਿਲਵਰੀ ਹੋਣ ਤੋਂ ਪਹਿਲਾਂ ਹੀ ਪੇਮੈਂਟ ਕਰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਫਲਿੱਪ ਕਾਰਟ ਕੰਪਨੀ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਕੋਈ ਸੰਤੋਖਜਨਕ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਾਂ ਤਾਂ ਉਨ੍ਹਾਂ ਦੇ ਪੂਰੇ ਪੈਸੇ ਵਾਪਸ ਦਿੱਤੇ ਜਾਣ ਜਾਂ ਤਾਂ ਉਨ੍ਹਾਂ ਘੜੀ ਦਿੱਤੀ ਜਾਵੇ।