ਫਰੀਦਕੋਟ : ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਖਾਸਮਖ਼ਾਸ ਖਤਰਨਾਕ ਗੈਂਗਸਟਰ ਨਰੇਸ਼ ਸੇਠੀ ਨੂੰ ਅੱਜ ਫ਼ਰੀਦਕੋਟ ਪੁਲਿਸ ਵੱਲੋਂ 2020 ਵਿਚ ਜਾਨੋ ਮਾਰਨ ਦੀ ਨੀਅਤ ਨਾਲ ਫਾਇਰਿੰਗ ਮਾਮਲੇ ਵਿਚ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਉਤੇ ਫਰੀਦਕੋਟ ਲਿਆਂਦਾ ਗਿਆ ਹੈ, ਜਿਥੇ ਉਸ ਨੂੰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਫਰੀਦਕੋਟ ਅਦਾਲਤ ਵੱਲੋਂ ਨਰੇਸ਼ ਸੇਠੀ ਦਾ ਪ੍ਰੋਡਕਸ਼ਨ ਵਾਰੰਟ ਫਰੀਦਕੋਟ ਪੁਲਿਸ ਨੂੰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਸ਼ੈੱਫੀ ਨਾਮਕ ਵਿਅਕਤੀ ਤੇ ਕੁੱਝ ਲੋਕਾਂ ਵੱਲੋਂ 2020 ਵਿਚ ਉਸ ਵਕਤ ਫਾਇਰਿੰਗ ਕੀਤੀ ਗਈ ਸੀ ਜਿਸ ਸਮੇਂ ਉਹ ਆਪਣੇ ਇੱਕ ਦੋਸਤ ਦੇ ਬੇਟੇ ਦੀ ਜਨਮਦਿਨ ਦੀ ਪਾਰਟੀ ਤੋਂ ਆਪਣੇ ਘਰ ਵਾਪਿਸ ਆ ਰਿਹਾ ਸੀ। ਇਸ ਫਾਇਰਿੰਗ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮਾਂ ਪਾਸੋਂ ਪੁੱਛਗਿੱਛ ਤੋਂ ਬਾਅਦ ਝੱਜਰ ਨਿਵਾਸੀ ਗੈਂਗਸਟਰ ਨਰੇਸ਼ ਸੇਠੀ ਦੀ ਭੂਮਿਕਾ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿਚ ਉਸ ਨੂੰ ਨਾਮਜ਼ਦ ਕਰ ਅੱਜ ਇਸ ਨੂੰ ਪ੍ਰੋਡਕਸ਼ਨ ਵਰੰਟ ਉਤੇ ਪੁੱਛਗਿੱਛ ਲਈ ਫ਼ਰੀਦਕੋਟ ਲਿਆਂਦਾ ਗਿਆ ਹੈ। ਇਸ ਦੌਰਾਨ ਪੁੱਛਗਿੱਛ ਵਿਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਖੰਨਾ 'ਚ ਮਿਲੀ ਬੰਬ ਵਰਗੀ ਚੀਜ਼ ਤੇ ਵਿਸਫੋਟਕ ਸਮੱਗਰੀ
ਦੱਸਣਯੋਗ ਹੈ ਕਿ ਨਰੇਸ਼ ਸੇਠੀ ਲਾਰੈਂਸ ਬਿਸ਼ਨੋਈ ਗੈਂਗ ਦਾ ਖਾਸ ਗੈਂਗਸਟਰ ਹੈ। ਉਕਤ ਗੈਂਗਸਟਰ ਵੱਲੋਂ ਪਹਿਲਾਂ ਵੀ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹੁਣ ਬਾਰੀਕੀ ਨਾਲ ਪੁੱਛਗਿੱਛ ਕਰ ਕੇ ਫਾਇਰਿੰਗ ਮਾਮਲੇ ਪਿੱਛੇ ਦਾ ਕਾਰਨ ਤੇ ਉਸ ਦੇ ਲਿੰਕ ਬਾਰੇ ਜਾਣਿਆ ਜਾਵੇਗਾ, ਤਾਂ ਜੋ ਹੇਰ ਵੀ ਸਬੂਤ ਤੇ ਮੁਲਜ਼ਮ ਪੁਲਿਸ ਹੱਥ ਲੱਗ ਸਕਣ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਧ ਰਹੇ ਜੁਰਮ ਉਤੇ ਨਕੇਲ ਕੱਸਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਪਹਿਲਾਂ ਵੀ ਵੱਡੀਆਂ ਸ਼ਖਸੀਅਤਾਂ ਉਤੇ ਹਮਲੇ ਕਰਵਾਏ ਜਾ ਚੁੱਕੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੇ ਗੈਂਗਸਟਰਾਂ ਉਤੇ ਵੀ ਕਾਬੂ ਪਾਉਣ ਲਈ ਪੁਲਿਸ ਵੱਲੋਂ ਵੱਖੋ-ਵੱਖ ਟੀਮਾਂ ਦਾ ਗਠਨ ਕਰ ਕੇ ਜਾਂਚ ਮੁਹਿੰਮ ਵਿੱਢੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਭਵ ਯਤਨ ਕੀਤੇ ਜਾ ਰਹਹੇ ਹਨ।