ਫ਼ਰੀਦਕੋਟ: ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਬਰਗਾੜੀ ਵਿੱਚ ਲੱਗੇ ਕਰੀਬ 6 ਮਹੀਨੇ ਦੇ ਮੋਰਚੇ ਵਿੱਚ ਕਾਂਗਰਸ ਸਰਕਾਰ ਦੁਆਰਾ ਕੀਤੇ ਵਾਅਦੇ ਪੂਰੇ ਨਾ ਕਰਨ ਤੋਂ ਖਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਇੱਕ ਪ੍ਰੈਸ ਕਾਂਨਫਰੰਸ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਸਰਕਾਰ ਨੂੰ 2 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ 2 ਮਹੀਨਿਆਂ ਵਿੱਚ ਸਰਕਾਰ ਜਾਂਚ ਪੂਰੀ ਕਰ ਤਿੰਨਾਂ ਮੰਗਾਂ ਨੂੰ ਪੂਰਾ ਨਹੀ ਕਰਦੀ ਤਾਂ ਬਰਗਾੜੀ ਮੋਰਚੇ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਲਈ ਸਰਕਾਰ ਤਿਆਰ ਰਹੇ।
ਉਨ੍ਹਾਂ ਵੱਲੋਂ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਵਿੱਚ ਬਣੀਆਂ ਦੋਵੇਂ ਵਿਸ਼ੇਸ਼ ਜਾਂਚ ਟੀਮਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਪਰ ਨਾਲ ਹੀ ਕਿਹਾ ਕਿ ਜਾਂਚ ਦੀ ਰਫ਼ਤਾਰ ਕਾਫ਼ੀ ਹੌਲੀ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਉੱਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇ ਕਿਸੇ ਦਬਾਅ ਦੇ ਚਲਦੇ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਨਹੀ ਕੀਤਾ ਜਾਂਦਾ ਤਾਂ ਉਹ ਜੇ ਬਾਦਲਾਂ ਦਾ ਬੁਰਾ ਹਾਲ ਕਰ ਸਕਦੇ ਹਨ ਤਾਂ ਕੈਪਟਨ ਦਾ ਵੀ ਬੁਰਾ ਹਾਲ ਕਰਨ ਤੋਂ ਸਿੱਖ ਕੋਮ ਪਿੱਛੇ ਨਹੀ ਹਟੇਗੀ।
ਉਨ੍ਹਾਂ ਨੇ ਬਰਗਾੜੀ ਮੋਰਚੇ ਦੀ ਟੀਮ ਵਿੱਚ ਥੋੜ੍ਹੀ ਅਣਬਨ ਦੀ ਗੱਲ ਵੀ ਕਬੂਲੀ ਅਤੇ ਕਿਹਾ ਕਿ ਸਿੱਖ ਕੌਮ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਲਈ ਮੁੜ ਤੋਂ ਸੰਘਰਸ਼ ਕਰੇਗੀ। ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨਾਲ ਸਿੱਖ ਸੰਗਤ 'ਚ ਵੱਡੇ ਪੱਧਰ 'ਤੇ ਸੋਗ ਦੀ ਲਹਿਰ ਦੌੜ ਗਈ ਸੀ। ਇਸ ਖ਼ਿਲਾਫ਼ ਪੂਰੇ ਸੂਬੇ 'ਚ ਥਾਂ-ਥਾਂ ਰੋਸ ਪ੍ਰਦਰਸ਼ਨ ਹੋਏ ਤੇ ਸੂਬੇ ਦੀਆਂ ਸਾਰੀਆਂ ਮੁੱਖ ਸੜਕਾਂ 'ਤੇ ਚੱਕਾ ਜਾਮ ਕੀਤਾ ਗਿਆ।
14 ਅਕਤੂਬਰ 2015 ਨੂੰ ਬਰਗਾੜੀ ਨਾਲ ਹੀ ਲੱਗੇ ਪਿੰਡ ਬਹਿਬਲ ਕਲਾਂ 'ਚ ਬੇਅਦਬੀ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਸ਼ਾਂਤੀਪੂਰਨ ਧਰਨੇ ਨੂੰ ਚੁਕਵਾਉਣ ਲਈ ਪੁਲਿਸ ਨੇ ਸਿੱਧੀ ਫਾਇਰਿੰਗ ਕਰ ਦਿੱਤੀ, ਜਿਸ 'ਚ ਦੋ ਸਿੱਖ ਨੌਜਵਾਨਾਂ ਪਿੰਡ ਨਿਆਮੀਵਾਲਾ ਦੇ ਕਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ਤੋਂ ਪਹਿਲਾਂ ਇਸੇ ਦਿਨ ਕੋਟਕਪੁਰਾ ਦੇ ਮੁੱਖ ਚੌਕ 'ਚ ਵੀ ਚੱਲ ਰਹੇ ਰੋਸ ਧਰਨੇ ਨੂੰ ਪੁਲਿਸ ਨੇ ਜ਼ਬਰੀ ਚੁਕਵਾਇਆ ਤੇ ਪੁਲਿਸ ਦੇ ਲਾਠੀਚਾਰਜ ਤੇ ਫਾਇਰਿੰਗ 'ਚ ਲਗਪਗ 100 ਲੋਕ ਜ਼ਖਮੀ ਹੋਏ ਸਨ।