ਫਰੀਦਕੋਟ: ਸਾਲ 2015 'ਚ ਵਾਪਰੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਹੁਣ ਤੱਕ ਮੁਲਜ਼ਮਾਂ ਖਿਲਫ਼ ਐਸਆਈਟੀ ਚਾਰ ਚਲਾਣ ਪੇਸ਼ ਕਰ ਚੁੱਕੀ ਹੈ। ਜਿਸ 'ਚ ਪਹਿਲਾ ਚਲਾਣ ਕਰੀਬ 7000 ਪੰਨਿਆਂ ਦਾ, ਦੂਜਾ ਚਲਾਣ 2400 ਪੰਨਿਆਂ ਦਾ, ਤੀਜਾ ਚਲਾਨ 2500 ਪੰਨਿਆਂ ਦਾ ਅਤੇ 15 ਸਿਤਬਰ ਨੂੰ ਚੌਥਾ ਚਲਾਨ 22 ਸਫ਼ਿਆਂ ਦਾ ਪੇਸ਼ ਕੀਤਾ ਗਿਆ ਸੀ। ਜਿੱਥੇ ਜਾਂਚ ਕਮੇਟੀ ਵੱਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ,ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਕਈ ਹੋਰ ਪੁਲਿਸ ਅਧਿਕਾਰੀ ਇਸ ਮਾਮਲੇ ਚ ਮੁਲਜ਼ਮ ਬਣਾਏ ਗਏ ਸਨ।
ਮੁਲਜ਼ਮ ਬਣਾਏ ਪੁਲਿਸ ਮੁਲਾਜ਼ਮਾਂ ਦੀ ਅਰਜ਼ੀ: ਉਥੇ ਹੁਣ ਇਸ ਮਾਮਲੇ 'ਚ ਮੁਲਜ਼ਮ ਬਣਾਏ ਗਏ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਵੱਲੋਂ ਅਤੇ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਅਦਾਲਤ 'ਚ ਅਰਜ਼ੀ ਲਗਾ ਕੇ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਜਿਸ ਸਬੰਧੀ ਮਾਣਯੋਗ ਅਦਾਲਤ ਵਲੋਂ ਅੱਜ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਅਤੇ ਪੁਲਿਸ ਦੇ ਮੁਲਾਜ਼ਮ ਰਸ਼ਪਾਲ ਸਿੰਘ ਵਲੋਂ ਪਿਛਲੇ ਦਿਨੀਂ ਦਾਇਰ ਅਰਜ਼ੀਆਂ 'ਤੇ ਸੁਣਵਾਈ ਕੀਤੀ ਗਈ। ਜਿਸ ਦੀ ਪੇਸ਼ੀ ਲਈ ਅਗਲੀ ਤਾਰੀਖ 7 ਅਕਤੂਬਰ ਨੂੰ ਰੱਖੀ ਗਈ ਹੈ। ਆਪਣੀਆਂ ਅਰਜੀਆਂ 'ਚ ਪੁਲਿਸ ਮੁਲਾਜ਼ਮਾਂ ਨੇ ਲਿਖਿਆ ਸੀ ਕਿ ਜਿਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਉਸ ਮੌਕੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਗਿਆ ਸੀ ਉਸ ਸਬੰਧੀ ਕਿਸੇ ਕਿਸਮ ਦੇ ਤੱਥ ਆਪਣੀ ਜਾਂਚ 'ਚ ਸਿਟ ਵੱਲੋਂ ਪੇਸ਼ ਨਹੀਂ ਕੀਤੇ ਗਏ ।
ਪੁਲਿਸ ਮੁਲਾਜ਼ਮਾਂ ਤੋਂ ਐਸਐਲਆਰ ਖੋਹੀ: ਇਸ ਮਾਮਲੇ 'ਚ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਦੇ ਵਕੀਲ ਅਮਿਤ ਗੁਪਤਾ ਨੇ ਦੱਸਿਆ ਕੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਹੁਣ ਤੱਕ ਜੋ ਚਲਾਨ ਸਿਟ ਵੱਲੋਂ ਅਦਾਲਤ 'ਚ ਪੇਸ਼ ਕੀਤੇ ਗਏ ਹਨ। ਉਨ੍ਹਾਂ ਮੁਤਾਬਿਕ ਘਟਨਾਕ੍ਰਮ ਵੇਲੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਰਾਇਫ਼ਲਸ ਪ੍ਰਦਰਸ਼ਨਕਾਰੀਆਂ ਵੱਲੋਂ ਖੋਈਆਂ ਗਈਆਂ ਸਨ ਅਤੇ ਇਸ ਮਾਮਲੇ ਦੇ ਮੁੱਖ ਗਵਾਹ ਅਜੀਤ ਸਿੰਘ ਦੇ ਪੱਟ 'ਚ ਜੋ ਗੋਲੀ ਲੱਗੀ ਸੀ, ਉਹ ਮੁਕਤਸਰ ਰੋਡ ਪਾਸਿਓ ਪ੍ਰਦਰਸ਼ਨਕਾਰੀਆਂ ਦੀ ਦਿਸ਼ਾ ਵੱਲੋਂ ਚੱਲੀ ਸੀ, ਜਿਸ ਦਿਸ਼ਾ 'ਚ ਰਾਈਫਲ ਖੋਹ ਕੇ ਪ੍ਰਦਰਸ਼ਨਕਾਰੀ ਭੱਜੇ ਸਨ।
ਵਾਇਰਲ ਵੀਡੀਓ 'ਚ ਦਿਖਾਈ ਦਿੰਦਾ ਦ੍ਰਿਸ਼: ਵਕੀਲ ਦਾ ਕਹਿਣਾ ਕਿ ਜੇਕਰ ਪੁਰਾਣੀ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਉਸ 'ਚ ਸਾਫ਼ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿਟ ਵੱਲੋਂ ਅਦਾਲਤ 'ਚ ਸੀਡੀ ਰਾਹੀਂ ਉਸ ਵੀਡੀਓ ਨੂੰ ਵੀ ਪੇਸ਼ ਕੀਤਾ ਗਿਆ ਹੈ, ਜਿਸ 'ਚ ਦੋ ਪੁਲਿਸ ਮੁਲਾਜ਼ਮਾਂ ਤੋਂ ਰਾਈਫਲ ਖੋਹ ਕੇ ਇੱਕ ਪ੍ਰਦਰਸ਼ਕਾਰੀ ਫਰੀਦਕੋਟ ਰੋਡ ਅਤੇ ਦੂਸਰਾ ਮੁਕਤਸਰ ਰੋਡ ਵੱਲ ਭੱਜਦਾ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀ ਸ਼ੁਰੂ ਤੋਂ ਹੀ ਮੰਗ ਕਰਦੇ ਆ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਤੋਂ ਜਾਂਚ ਦੌਰਾਨ ਕਿਸੇ ਕਿਸਮ ਦੇ ਕੋਈ ਤੱਥ ਇਕੱਠੇ ਨਹੀਂ ਕੀਤੇ ਗਏ, ਇਸ ਲਈ ਜਾਂਚ 'ਤੇ ਵੀ ਕਈ ਤਰਾਂ ਦੇ ਸਵਾਲ ਉਠਦੇ ਹਨ ਕਿ ਇਹ ਜਾਂਚ ਨਿਰਪੱਖ ਨਹੀ ਕੀਤੀ ਗਈ।
- Hyderabad Poster War: ਹੈਦਰਾਬਾਦ ਵਿੱਚ ਸੀਡਬਲਯੂਸੀ ਦੀ ਮੀਟਿੰਗ ਤੋਂ ਪਹਿਲਾਂ ਪੋਸਟਰ ਵਾਰ, ਕਈ ਥਾਵਾਂ 'ਤੇ ਹੋਰਡਿੰਗ ਲਗਾਏ ਗਏ
- Hyderabad CWC Meeting Live Updates : ਹੈਦਰਾਬਾਦ ਵਿੱਚ ਦੋ ਰੋਜ਼ਾ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, 'ਇਕ ਰਾਸ਼ਟਰ', 'ਇਕ ਚੋਣ' ਨੂੰ ਨਕਾਰਿਆ
- CM Mann And Kejriwal In Chhattisgarh : ਬਸਤਰ 'ਚ ਅਰਵਿੰਦ ਕੇਜਰੀਵਾਲ ਦਾ ਮਾਸਟਰ ਸਟ੍ਰੋਕ, AAP ਦੀ 10ਵੀਂ ਗਾਰੰਟੀ ਦਾ ਐਲਾਨ ਤਾਂ ਭਗਵੰਤ ਮਾਨ ਨੇ ਵੀ ਰਗੜੇ ਵਿਰੋਧੀ
ਸਪਲੀਮੈਂਟਰੀ ਚਲਾਨ ਪੇਸ਼: ਦੱਸ ਦਈਏ ਬੀਤੇ ਦਿਨ ਐਸਆਈਟੀ ਵੱਲੋਂ ਅਦਾਲਤ ਵਿੱਚ ਤੀਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਅਦਾਲਤ ਵਿੱਚ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ। ਹਾਲਾਂਕਿ, ਇਸ ਮੁੱਦੇ ਦਾ ਮੁੱਖ ਚਲਾਨ SIT ਵੱਲੋਂ 24 ਫਰਵਰੀ 2024 ਨੂੰ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਪਹਿਲਾ ਸਪਲੀਮੈਂਟਰੀ ਚਲਾਨ 25 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਅਤੇ ਇਸ ਤੋਂ ਬਾਅਦ 28 ਅਗਸਤ ਨੂੰ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਚਲਾਨ ਵਿੱਚ ਐਸਆਈਟੀ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ, ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ, ਐੱਸਐੱਸਪੀ ਮੋਗਾ ਚਰਨਜੀਤ ਸ਼ਰਮਾ, ਐੱਸਐੱਸਪੀ ਫਰੀਦਕੋਟ ਸੁਖਮੰਦਰ ਮਾਨ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਐਸਐਚਓ ਸਿਟੀ ਕੋਟਕਪੂਰਾ ਦਾ ਨਾਮ ਸ਼ਾਮਲ ਕੀਤਾ ਸੀ।
ਇਹ ਸਨ ਇਲਜ਼ਾਮ: ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਦਕਿ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸਾਜ਼ਿਸ਼ ਨੂੰ ਅੰਜਾਮ ਦੇਣ 'ਚ ਮਦਦ ਕਰਨ ਦਾ ਇਲਜ਼ਾਮ ਹੈ। ਤਤਕਾਲੀ ਆਈਜੀ ਉਮਰਾਨੰਗਲ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ 'ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ।