ਚੰਡੀਗੜ੍ਹ: ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਅਵਾਜ਼ ਕੰਨਾਂ ਦੇ ਆਲੇ ਦੁਆਲੇ ਗੂੰਜਦੀ ਰਹਿੰਦੀ ਹੈ ਅਤੇ ਇਹ ਮੱਛਰ ਸਰੀਰ ਦੇ ਕਈ ਅੰਗਾਂ ਨੂੰ ਕੱਟ ਕੇ ਸਾਨੂੰ ਬਿਮਾਰੀ ਦੇ ਕੇ ਚਲਾ ਜਾਂਦਾ ਹੈ। ਕਈ ਵਾਰ ਤਾਂ ਮੱਛਰਾਂ ਦਾ ਕੱਟਣਾ ਮਾਮੂਲੀ ਹੁੰਦਾ ਹੈ, ਪਰ ਕਈ ਮੱਛਰਾਂ ਦਾ ਕੱਟਣਾ ਡੇਂਗੂ, ਮਲੇਰੀਆ ਅਤੇ ਚਿਕਗੁਨੀਆਂ ਦਾ ਪ੍ਰਕੋਪ ਵਧਾ ਦਿੰਦਾ ਹੈ। ਮੀਂਹ ਦੇ ਦਿਨਾਂ ਵਿੱਚ ਅਜਿਹੀਆਂ ਬਿਮਾਰੀਆਂ ਵਿਅਕਤੀ ਨੂੰ ਆ ਘੇਰਦੀਆਂ ਹਨ। ਪੰਜਾਬ ਵਿੱਚ ਵੀ ਇੰਨੀ ਦਿਨੀਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਦੋਂ ਮੱਛਰ ਕਿਸੇ ਵਿਅਕਤੀ ਨੂੰ ਕੱਟਦੇ ਹਨ, ਤਾਂ ਸਰੀਰ ਵਿੱਚ ਜਹਿਰੀਲਾ ਵਾਇਰਸ ਛੱਡਦੇ ਹਨ ਜਿਸ ਕਰਕੇ ਵਿਅਕਤੀ ਬਿਮਾਰ ਹੋ ਜਾਂਦਾ ਹੈ।
ਮੱਛਰ ਬਣਿਆ ਹਜ਼ਾਰਾਂ ਮੌਤਾਂ ਦਾ ਕਾਰਨ : ਦੇਸ਼ ਭਰ ਦੇ ਵਿਚ ਡੇਂਗੂ ਦੇ ਕੇਸਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਹੁੰਦੀਆਂ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ। ਦੇਸ਼ ਵਿੱਚ 2017 ਤੋਂ 2022 ਤੱਕ ਡੇਂਗੂ ਨਾਲ ਘੱਟੋ-ਘੱਟ 1,368 ਮੌਤਾਂ ਹੋਈਆਂ ਹਨ। ਜਦਕਿ ਸਾਲ 2022 ਵਿਚ ਡੇਂਗੂ ਨਾਲ ਪੰਜਾਬ ਅੰਦਰ 16 ਮੌਤਾਂ ਰਿਪੋਰਟ ਕੀਤੀਆਂ ਗਈਆਂ। ਜਦਕਿ, ਪੰਜਾਬ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 1 ਜਨਵਰੀ 2023 ਤੋਂ ਹੁਣ ਤੱਕ ਪੰਜਾਬ 1,445 ਕੇਸ ਰਿਪੋਰਟ ਕੀਤੇ ਗਏ ਅਤੇ ਚਿਕਨਗੁਨੀਆਂ ਦੇ 118 ਮਾਮਲੇ ਸਾਹਮਣੇ ਆਏ। ਮਲੇਰੀਆ ਵੀ ਸਭ ਤੋਂ ਜ਼ਿਆਦਾ ਹੋਣ ਵਾਲਾ ਆਮ ਬੁਖਾਰ ਹੈ। ਹਾਲਾਂਕਿ, ਸਿਹਤ ਵਿਭਾਗ ਦਾ ਦਾਅਵਾ ਹੈ ਕਿ ਪੰਜਾਬ ਵਿਚ 2011 ਤੋਂ ਬਾਅਦ ਮਲੇਰੀਆ ਨਾਲ ਕੋਈ ਮੌਤ ਨਹੀਂ ਹੋਈ। ਪਰ, ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਸਧਾਰਣ ਨਹੀਂ ਮੰਨਣਾ ਚਾਹੀਦਾ ਕਿਉਂਕਿ ਇਨ੍ਹਾਂ ਦੇ ਡੰਗ ਮਾਰਨ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਪੰਜਾਬ 'ਚ ਮਲੇਰੀਆ, ਡੇਂਗੂ ਅਤੇ ਚਿਕਨਗੂਨੀਆਂ ਫੈਲਾਉਣ ਵਾਲਾ ਮੱਛਰ ਪਾਇਆ ਜਾਂਦਾ ਹੈ।
ਦਵਾਈ ਨਾਲੋਂ ਜ਼ਿਆਦਾ ਬਚਾਅ ਜ਼ਰੂਰੀ : ਜਦੋਂ ਮੱਛਰ ਕੱਟਦਾ ਹੈ, ਤਾਂ ਚਿਕਨਗੁਨੀਆਂ, ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਦਵਾਈਆਂ ਤਾਂ ਜ਼ਰੂਰੀ ਹਨ, ਪਰ ਮੱਛਰ ਨਾ ਕੱਟੇ ਇਸ ਲਈ ਬਚਾਅ ਅਤੇ ਜਾਗਰੂਕਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਕ ਮੁਹਿੰਮ ਵੀ ਚਲਾਈ ਜਾ ਰਹੀ ਹੈ 'ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ'। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਮੋਹਾਲੀ ਏਮਜ਼ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਕਸ਼ੇ ਕੁਮਾਰ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਾ ਮੱਛਰ ਹੁੰਦਾ, ਉਸੇ ਤਰ੍ਹਾਂ ਦਾ ਹੀ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਮੱਛਰਾਂ ਦਾ ਕੱਟਣਾ ਖ਼ਤਰਨਾਕ: ਮੱਛਰਾਂ ਦਾ ਕੱਟਣਾ ਕਈ ਵਾਰ ਜ਼ਹਿਰੀਲੇ ਕੀੜੇ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਮਲੇਰੀਆ ਬਹੁਤ ਖ਼ਤਰਨਾਕ ਬਿਮਾਰੀ ਹੋ ਸਕਦੀ ਹੈ, ਹਾਲਾਂਕਿ ਭਾਰਤ ਵਿੱਚ ਇਸ ਉੱਤੇ ਕਾਬੂ ਪਾ ਲਿਆ ਗਿਆ ਹੈ। ਡੇਂਗੂ ਦਾ ਮੱਛਰ ਵੀ ਜ਼ਿਆਦਾ ਘਾਤਕ ਸਾਬਿਤ ਹੋ ਸਕਦਾ ਹੈ। 60 ਸਾਲ ਤੋਂ ਉੱਪਰ ਦੇ ਲੋਕਾਂ ਲਈ ਵੀ ਇਹ ਮੱਛਰ ਖ਼ਤਰਾ ਬਣ ਸਕਦਾ ਹੈ। ਹਾਈਪਰਟੈਨਸ਼ਨ, ਸ਼ੂਗਰ, ਬੀਪੀ, ਖੂਨ ਨਾਲ ਸਬੰਧਿਤ ਬਿਮਾਰੀਆਂ ਅਤੇ ਗਰਭਵਤੀ ਔਰਤਾਂ ਲਈ ਇਹ ਮੱਛਰ ਜ਼ਿਆਦਾ ਨੁਕਸਾਨਦਾਇਕ ਹੋ ਸਕਦੇ ਹਨ। ਇਹ ਦਿਮਾਗੀ ਅਵਸਥਾ ਖਰਾਬ ਕਰ ਸਕਦਾ ਹੈ ਅਤੇ ਇਸ ਨਾਲ ਫੇਫੜਿਆਂ ਵਿੱਚ ਪਾਣੀ ਭਰ ਸਕਦਾ ਹੈ।
ਮੱਛਰ ਕਿੰਨੀ ਤਰ੍ਹਾਂ ਦਾ ਹੁੰਦਾ ਹੈ: ਦੁਨੀਆ ਭਰ ਵਿੱਚ ਮੱਛਰਾਂ ਦੀਆਂ 3200 ਤੋਂ ਵੱਧ ਕਿਸਮਾਂ ਹਨ। ਭਾਰਤ ਵਿੱਚ ਐਨੋਫੇਲੀਸ, ਏਡੀਜ਼, ਮੈਨਸੋਨੀਆ ਅਤੇ ਕੂਲੇਕਸ ਦੀ ਨਸਲ ਮਹੱਤਵਪੂਰਨ ਹੈ, ਕਿਉਂਕਿ ਉਹ ਮਲੇਰੀਆ, ਡੇਂਗੂ, ਫਾਈਲੇਰੀਆ ਅਤੇ ਜਾਪਾਨੀ ਇਨਸੇਫਲਾਈਟਿਸ ਬਿਮਾਰੀਆਂ ਇਹਨਾਂ ਕਰਕੇ ਫੈਲਦੀਆਂ ਹਨ। ਮੋਹਾਲੀ ਏਮਜ਼ ਵਿਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਸਹਾਇੲ ਪ੍ਰੋਫੈਸਰ ਡਾ. ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਐਨੋਫਿਲਜ਼ ਜੀਨਸ ਵਿੱਚ ਲਗਭਗ 420 ਕਿਸਮਾਂ ਹਨ, ਜਿਨ੍ਹਾਂ ਵਿੱਚੋਂ 50 ਮਲੇਰੀਆ ਦੇ ਮਸ਼ਹੂਰ ਵੈਕਟਰ ਹਨ। ਇਨ੍ਹਾਂ ਵਿੱਚੋਂ ਲਗਭਗ 176 ਕਿਸਮਾਂ ਉੱਤਰੀ ਅਮਰੀਕਾ ਵਿੱਚ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਸਭ ਤੋਂ ਆਮ ਮੱਛਰ ਏਡੀਜ਼, ਕੂਲੇਕਸ ਅਤੇ ਐਨੋਫਿਲਿਸ ਨਸਲ ਦੇ ਹਨ। ਮੱਛਰਾਂ ਦੀਆਂ ਸਿਰਫ਼ ਛੇ ਫ਼ੀਸਦੀ ਕਿਸਮਾਂ ਦੀਆਂ ਮਾਦਾਵਾਂ ਆਪਣੇ ਅੰਡੇ ਦੇ ਵਿਕਾਸ ਲਈ ਮਨੁੱਖੀ ਖੂਨ ਪੀਂਦੀਆਂ ਹਨ। ਇਨ੍ਹਾਂ ਵਿੱਚੋਂ ਅੱਧੀਆਂ ਮਾਦਾ ਮੱਛਰ ਜੋ ਮਨੁੱਖੀ ਖੂਨ ਪੀਂਦੀਆਂ ਹਨ, ਆਪਣੇ ਅੰਦਰ ਬਿਮਾਰੀਆਂ ਦੇ ਵਾਇਰਸ ਲੈ ਜਾਂਦੀਆਂ ਹਨ। ਯਾਨੀ, ਕੁੱਲ ਮਿਲਾ ਕੇ ਮੱਛਰਾਂ ਦੀਆਂ ਸਿਰਫ਼ 100 ਕਿਸਮਾਂ ਹਨ, ਜੋ ਮਨੁੱਖਾਂ ਲਈ ਹਾਨੀਕਾਰਕ ਹਨ।