ਮੁਹਾਲੀ: ਅੱਜ ਦੇਸ਼ ਭਰ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਪੰਜਾਬ ਵਿੱਚ ਕੈਂਸਰ ਦੀ ਮਰੀਜ਼ਾਂ ਦੀ ਗਿਣਤੀ ਬਾਰੇ ਗੱਲ ਕਰਾਂਗੇ। ਕੈਂਸਰ ਅਜਿਹੀਆਂ ਗੰਭੀਰ ਬਿਮਾਰੀਆਂ ਵਿਚੋਂ ਇਕ ਹੈ ਜਿਸ ਨੇ ਪੰਜਾਬ 'ਚ ਵੀ ਆਪਣੇ ਪੈਰ ਪਸਾਰ ਰੱਖੇ ਹਨ। ਪੰਜਾਬ ਦੇ ਮਾਲਵਾ ਨੂੰ ਤਾਂ ਕੈਂਸਰ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਮੰਨਿਆਂ ਜਾਂਦਾ ਹੈ। ਕੈਂਸਰ ਤੋਂ ਜਾਗਰੂਕਤਾ ਲਈ ਕਈ ਅਭਿਆਨ ਅਤੇ ਕੈਂਸਰ ਦੇ ਕਾਰਨਾਂ ਦੀ ਘੋਖ ਕਰਨ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਖੋਜਾਂ ਵਿਚ ਜੋ ਅੰਕੜੇ ਸਾਹਮਣੇ ਆਏ ਉਹਨਾਂ ਵਿਚ ਮਰਦਾਂ ਅਤੇ ਔਰਤਾਂ ਨੂੰ ਹੋਣ ਵਾਲੇ ਅਲੱਗ ਅਲੱਗ ਕੈਂਸਰ ਦੀਆਂ ਕਿਸਮਾਂ ਵੀ ਸਾਹਮਣੇ ਆਈਆਂ। ਹਰ ਸਾਲ ਕੈਂਸਰ ਮਰੀਜ਼ਾਂ ਦਾ ਪੰਜਾਬ ਵਿਚ ਅੰਕੜਾ 6 ਤੋਂ 7 ਲੱਖ ਦਾ ਹੁੰਦਾ ਹੈ। 7 ਅਪ੍ਰੈਲ ਵਿਸ਼ਵ ਸਿਹਤ ਦਿਹਾੜੇ ਮੌਕੇ ਕੈਂਸਰ ਸਬੰਧੀ ਕਈ ਜਾਗਰੂਕਤਾ ਅਭਿਆਨ ਚਲਾਏ ਜਾਂਦੇ ਹਨ ਜਿਸ ਵਿਚ ਕੈਂਸਰ 'ਤੇ ਚਰਚਾ ਕਰਨੀ ਵੀ ਜ਼ਰੂਰੀ ਹੈ।
ਕੈਂਸਰ ਨਾਲ ਹੁੰਦੀਆਂ 9 ਪ੍ਰਤੀਸ਼ਤ ਮੌਤਾਂ : ਭਾਰਤ ਵਿਚ ਕੈਂਸਰ ਨਾਲ ਹਰ ਸਾਲ 9 ਪ੍ਰਤੀਸ਼ਤ ਮੌਤਾਂ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਹੁੰਦੀਆਂ ਹਨ। ਪੰਜਾਬ ਦੇ ਵਿਚ ਤਾਂ ਕੈਂਸਰ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਹਰ ਸਾਲ 6 ਤੋਂ ਸਾਲ ਲੱਖ ਕੈਂਸਰ ਦੇ ਨਵੇਂ ਮਰੀਜ਼ ਆਉਂਦੇ ਹਨ। ਜਦਕਿ ਪੂਰੇ ਭਾਰਤ ਵਿਚ 7 ਤੋਂ 9 ਲੱਖ ਕੈਂਸਰ ਦੇ ਹਰ ਸਾਲ ਨਵੇਂ ਮਰੀਜ਼ ਆਉਂਦੇ ਹਨ। ਕੈਂਸਰ ਛੂਤ ਦੀ ਬਿਮਾਰੀ ਨਹੀਂ ਹੈ ਪਰ ਇਸਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਅਜਿਹੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਮੌਤ ਦਰ ਦੇਸ਼ ਭਰ ਵਿਚ 63 ਪ੍ਰਤੀਸ਼ਤ ਮੌਤ ਦਰ ਹੈ। ਜੋ ਕਿ ਸਿਹਤ ਮਾਹਿਰਾਂ ਲਈ ਵੀ ਚੁਣੌਤੀ ਤੋਂ ਘੱਟ ਨਹੀਂ।
ਇਹ ਵੀ ਪੜ੍ਹੋ : World Health Day 2023: ਜਾਣੋ, ਇਸਦਾ ਇਤਿਹਾਸ ਅਤੇ ਇਸ ਸਾਲ ਦਾ ਥੀਮ
ਔਰਤਾਂ ਅਤੇ ਮਰਦਾਂ ਵਿਚ ਕੈਂਸਰ ਦੀਆਂ ਅਲੱਗ ਅਲੱਗ ਕਿਸਮਾਂ : ਪੰਜਾਬ ਦੇ ਵਿਚ ਹੁਣ ਤੱਕ ਕੈਂਸਰ ਦੇ ਜੋ ਅੰਕੜੇ ਸਾਹਮਣੇ ਆਏ ਹਨ ਉਹਨਾਂ ਵਿਚ ਔਰਤਾਂ ਅਤੇ ਮਰਦ ਕਈ ਕਿਸਮਾਂ ਦੇ ਕੈਂਸਰ ਤੋਂ ਪੀੜਤ ਹਨ। ਔਰਤਾਂ ਜ਼ਿਆਦਾਤਰ ਛਾਤੀ ਦੇ ਕੈਂਸਰ ਤੋਂ ਪੀੜਤ ਹਨ ਅਤੇ ਮਰਦਾਂ ਵਿਚ ਖਾਣੇ ਦੀ ਨਾਲੀ ਵਿਚ ਕੈਂਸਰ ਦੀ ਸਮੱਸਿਆ ਜ਼ਿਆਦਾ ਹੈ। ਇਸ ਤੋਂ ਇਲਾਵਾ ਮਰਦਾਂ ਵਿਚ ਪ੍ਰੋਸਟੇਟ ਕੈਂਸਰ, ਫੇਫੜਿਆਂ ਵਿਚ ਕੈਂਸਰ, ਮੂੰਹ ਦਾ ਕੈਂਸਰ ਅਤੇ ਜੀਬ ਦੇ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਔਰਤਾਂ ਵਿਚ ਛਾਤੀ ਦੇ ਕੈਂਸਰ ਤੋਂ ਇਲਾਵਾ ਬੱਚੇਦਾਨੀ ਦੇ ਕੈਂਸਰ ਦੇ ਮਾਮਲੇ ਪੰਜਾਬ ਵਿਚ ਸਾਹਮਣੇ ਆ ਰਹੇ ਹਨ।
ਪੰਜਾਬ ਵਿਚ ਕੈਂਸਰ ਦਾ ਪ੍ਰਕੋਪ ਵਧਣ ਦੇ ਕਾਰਨ: ਮੁਹਾਲੀ ਏਮਜ਼ ਵਿਚ ਕਮਿਊਨਿਟੀ ਮੈਡੀਸਨ ਦੇ ਮੁਖੀ ਅਤੇ ਪ੍ਰੋਫੈਸਰ ਡਾ. ਅੰਮ੍ਰਿਤ ਵਿਰਕ ਨਾਲ ਪੰਜਾਬ ਵਿਚ ਕੈਂਸਰ ਦੇ ਵੱਧ ਰਹੇ ਪ੍ਰਕੋਪ ਬਾਰੇ ਚਰਚਾ ਕੀਤੀ। ਜਿਸ ਵਿਚ ਇਹ ਤੱਥ ਸਾਹਮਣੇ ਆਏ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਕਰਕੇ ਕੈਮੀਕਲ ਅਤੇ ਪੈਸਟੀਸਾਈਟਜ਼ ਦੀ ਵਰਤੋਂ ਵੀ ਜ਼ਿਆਦਾ ਹੈ। ਇਹ ਕੈਮੀਕਲ ਅਤੇ ਪੈਸਟੀਸਾਈਟਜ਼ ਵੀ ਕੈਂਸਰ ਦੇ ਕਾਰਨਾਂ ਵਿਚੋਂ ਇਕ ਹਨ। ਮੈਡੀਕਲ ਵਿਚ ਕੀਤੀਆਂ ਗਈਆਂ ਖੋਜਾਂ ਵਿਚ ਵੀ ਇਹ ਪਤਾ ਲੱਗਾ ਕਿ ਫ਼ਸਲਾਂ ਤੇ ਕੈਮੀਕਲ ਦਾ ਛਿੜਕਾਅ ਕੈਂਸਰ ਦਾ ਕਾਰਨ ਬਣ ਰਿਹਾ ਹੈ। ਇੰਡੀਅਨ ਮੈਡੀਕਲ ਕਾਊਂਸਲ ਆਫ ਰਿਸਰਚ ਵੱਲੋਂ ਇਕ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਜਿਸਦੀ ਦੀ ਰਿਸਰਚ ਵਿਚ 4 ਸ਼ਹਿਰ ਮਾਨਸਾ, ਮੁਹਾਲੀ, ਸੰਗਰੂਰ ਅਤੇ ਚੰਡੀਗੜ ਵਿਚ ਕੈਂਸਰ ਦੇ ਕਾਰਨ ਸ਼ਰਾਬ, ਸਿਗਰਟ, ਕੈਮੀਕਲ ਅਤੇ ਪ੍ਰਦੂਸ਼ਿਤ ਪਾਣੀ ਸਾਹਮਣੇ ਆਏ। ਕਈ ਲੋਕਾਂ ਨੂੰ ਕੈਂਸਰ ਹੈਰੇਡਿਟਰੀ ਵੀ ਹੁੰਦਾ ਹੈ।
ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ : ਡਾ. ਅੰਮ੍ਰਿਤ ਵਿਰਕ ਨੇ ਪੰਜਾਬ ਵਿਚ ਕੈਂਸਰ ਦੀ ਜਾਗਰੂਕਤਾ ਅਤੇ ਇਲਾਜ ਲਈ ਕਈ ਸਕੀਮਾਂ ਦਾ ਜ਼ਿਕਰ ਕੀਤਾ ਜਿਸ ਵਿਚੋਂ ਮੁੱਖ ਮੰਤਰੀ ਰਾਹਤ ਕੋਸ਼ ਵੀ ਇਕ ਹੈ। ਨਾਲ ਹੀ ਜਾਗਰੂਕਤਾ ਵਿਚ ਲੋਕਾਂ ਵਿਚ ਲੋਕਾਂ ਨੂੰ ਕੈਂਸਰ ਬਾਰੇ ਸਮਝਾਇਆ ਜਾਂਦਾ ਹੈ ਕਿ ਇਸਦਾ ਕੋਈ ਇਕ ਕਾਰਨ ਨਹੀਂ ਹੁੰਦਾ। ਕੈਂਸਰ ਪਿੱਛੇ ਕਈ ਕਾਰਨ ਹੁੰਦੇ ਹਨ ਇਹਨਾਂ ਵਿਚੋਂ ਇਕ ਕਾਰਨ ਆਪਣੇ ਹੱਥ ਵਿਚ ਹੁੰਦਾ ਹੈ ਹੋ ਕੈਂਸਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਉਹ ਹੈ ਲਾਈਫ ਸਟਾਈਲ। ਜੇਕਰ ਲਾਈਫਸਟਾਈਲ ਵਿਚ ਤਬਦੀਲੀ ਕੀਤੀ ਜਾਵੇ ਤਾਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ।