ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਲੰਘੇ ਕੱਲ੍ਹ ਵਾਇਰਲ ਹੋਈ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਵਲੋਂ ਆਪਣੀ ਸਥਿਤੀ ਦੱਸਣ ਦੇ ਨਾਲ-ਨਾਲ ਸ੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਸਰਬੱਤ ਖਾਲਸਾ ਬੁਲਾਉਣ ਲਈ ਕਿਹਾ ਗਿਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਥੇਦਾਰ ਨੂੰ ਸਰਬੱਤ ਖਾਲਸਾ ਵਿਸਾਖੀ ਵਾਲੇ ਦਿਨ ਬੁਲਾਉਣਾ ਚਾਹੀਦਾ ਹੈ ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਸਰਬੱਤ ਖਾਲਸਾ ਦਾ ਬੁਲਾਉਣ ਅਤੇ ਇਸਦੀ ਬਣਤਰ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ।
ਸਰਬਤ ਖਾਲਸਾ ਦੇ ਸ਼ਬਦੀ ਅਰਥ : ਸਰਬੱਤ ਖਾਲਸਾ ਦੇ ਸ਼ਬਦੀ ਅਰਥ ਵੀ ਡੂੰਘੇ ਹਨ। ਸਰਬੱਤ ਸੰਸਕ੍ਰਿਤ ਦੇ ਸ਼ਬਦ ਸਵੰਤ੍ਰ ਤੋਂ ਬਣਿਆ ਹੈ। ਇਸਦਾ ਮਤਲਬ ਹੁੰਦਾ ਹੈ ਸਭ ਥਾਂ, ਸਭ ਜਗ੍ਹਾ। ਸਰਬੱਤ ਸ਼ਬਦ ਗੁਰਬਾਣੀ ਵਿੱਚੋਂ ਲਿਆ ਗਿਆ ਹੈ। ਇਸਦਾ ਮਤਲਬ ਅੰਤਰਿ ਬਾਹਰਿ ਸਰਬਤਿ ਰਵਿਆ ਤੋਂ ਲਿਆ ਗਿਆ ਹੈ। ਖਾਲਸਾ ਅਰਬੀ ਦਾ ਸ਼ਬਦ ਹੈ ਅਤੇ ਇਸਦੇ ਅਰਥ ਸ਼ੁੱਧ, ਨਿਰੋਲ, ਖ਼ਰਾ ਜਾਂ ਖਾਲਸ ਤੋਂ ਲਏ ਜਾਂਦੇ ਹਨ।
ਕੀ ਹੁੰਦਾ ਹੈ ਸਰਬੱਤ ਖਾਲਸਾ : ਦਰਅਸਲ ਸਿੱਖਾਂ ਦੀ ਸਮੁੱਚੇ ਰੂਪ ਵਿੱਚਲੀ ਸਭਾ ਨੂੰ ਸ਼ਬਦੀ ਰੂਪ ਵਿੱਚ ਸਰਬੱਤ ਖਾਲਸਾ ਕਿਹਾ ਜਾ ਸਕਦਾ ਹੈ। ਸਿੱਖ ਇਤਿਹਾਸ ਦੇ ਮਾਹਿਰਾਂ ਅਨੁਸਾਰ 16ਵੀਂ ਸ਼ਤਾਬਦੀ ਵਿਚ ਸਿੱਖ ਧਰਮ ਦੇ ਗੁਰੂ ਰਾਮਦਾਸ ਜੀ ਦੇ ਵੇਲੇ ਇਕ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ। ਇਸ ਮੁਤਾਬਿਕ ਸਾਲ ਵਿੱਚ ਸਿੱਖ ਕੌਮ ਦੋ ਵਾਰ ਆਪਣਾ ਇਕੱਠ ਕਰਦੀ ਸੀ। ਇਸ ਲਈ ਦਿਨ ਵੀ ਤੈਅ ਸੀ। ਇਹ ਇਕੱਠ ਵਿਸਾਖੀ ਅਤੇ ਦਿਵਾਲੀ ਵਾਲੇ ਦਿਨ ਕੀਤਾ ਜਾਂਦਾ ਸੀ। ਇਸ ਦੌਰਾਨ ਸਿੱਖ ਭਾਈਚਾਰੇ ਦੇ ਸਾਰੇ ਲੋਕ ਇਕ ਥਾਂ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਦੇ ਸਨ। ਇਸ ਦੌਰਾਨ ਰਾਜਸੀ ਅਤੇ ਸਮਾਜਿਕ ਬਦਲਾਅ ਉੱਤੇ ਵਿਚਾਰ ਚਰਚਾ ਹੁੰਦੀ ਸੀ।
2015 'ਚ ਸੱਦਿਆ ਗਿਆ ਸੀ ਸਰਬਤ ਖਾਲਸਾ : ਇਹ ਵੀ ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹੀ ਹੈ। ਇਸ ਸਰਬਤ ਖਾਲਸਾ ਵਿੱਚ ਜੋ ਵੀ ਖਾਲਸਾ ਫੈਸਲਾ ਕਰਦਾ ਹੈ, ਉਸਨੂੰ ਤਖਤ ਸਾਹਿਬ ਦੇ ਜੱਥੇਦਾਰ ਵਲੋਂ ਮੰਨਣ ਦਾ ਕੌਮ ਦੇ ਨਾਂ ਹੁਕਮ ਵੀ ਜਾਰੀ ਕੀਤਾ ਜਾਂਦਾ ਹੈ। ਸਿੱਖ ਇਤਿਹਾਸਕਾਰਾਂ ਮੁਤਾਬਿਕ 2015 ਵਿਚ ਸਰਬੱਤ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਅਤੇ ਮੈਂਬਰ ਪਾਰਲੀਮੈਂਟ ਸਿਰਮਨਜੀਤ ਸਿੰਘ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਦੇ ਨੇਤਾ ਮੋਹਕਮ ਸਿੰਘ ਵਲੋਂ ਸੱਦਿਆ ਗਿਆ ਸੀ।
ਸਰਬਤ ਖਾਲਸਾ ਦੀ ਮੌਜੂਦਾ ਸਥਿਤੀ : ਸਿੱਖ ਇਤਿਹਾਸ ਦੇ ਮਾਹਿਰਾਂ ਦੀ ਮੰਨੀਏ ਤਾਂ ਸਰਬੱਤ ਖਾਲਸਾ ਦੀ ਸੰਸਥਾ ਦਾ ਪ੍ਰਕਾਸ਼ 18ਵੀਂ ਸਦੀ ਵਿੱਚ ਸਿੱਖ ਪੰਥ ਦੀਆਂ ਜ਼ਰੂਰਤਾਂ ਅਤੇ ਮਜਬੂਰੀਆਂ ਵਿਚੋਂ ਜਨਮਿਆ ਹੈ। ਕਿਸੇ ਵੇਲੇ ਮੁਗਲਾਂ ਅਤੇ ਅਫ਼ਗਾਨਾਂ ਦੇ ਜ਼ੁਲਮ ਤੇ ਵਧੀਕੀਆਂ ਇੰਨੀਆਂ ਵਧ ਗਈਆਂ ਕਿ ਸਿੱਖਾਂ ਨੇ ਛੋਟੇ-ਛੋਟੇ ਸਮੂਹਾਂ ਦੇ ਰੂਪ ਵਿੱਚ ਦੂਰ ਨੇੜੇ ਦੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਓਟ ਲੈ ਲਈ ਸੀ। ਉਨ੍ਹਾਂ ਹਾਲਤਾਂ ਵਿੱਚ ਸਿੱਖ ਕੌਮ ਦੇ ਇਕੱਠ ਹੋਣ ਲੱਗੇ ਅਤੇ ਇਹੋ ਇਕੱਠ ਹੀ ਖਾਲਸਾ ਪੰਥ ਦੇ ਦਿਲਾਂ ਤੇ ਦਿਮਾਗਾਂ ਵਿੱਚ ਸਰਬੱਤ ਖਾਲਸਾ ਦਾ ਰੂਪ ਲੈ ਗਿਆ। ਸਭ ਤੋਂ ਪਹਿਲਾਂ ਸਰਬੱਤ ਖਾਲਸਾ 1723 ਦੀ ਦੀਵਾਲੀ ਵਾਲੇ ਦਿਨ ਇਕੱਠਾ ਹੋਇਆ ਸੀ। ਇਸੇ ਤਰ੍ਹਾਂ ਦੂਜਾ ਸਰਬੱਤ ਖਾਲਸਾ 13 ਅਕਤੂਬਰ, 1726 ਨੂੰ ਭਾਈ ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਅਪਡੇਟ, ਫਗਵਾੜਾ 'ਚ ਮਿਲੀ ਲਾਵਾਰਿਸ ਕਾਰ ਦਾ ਮਾਲਿਕ ਨਿਕਲਿਆ ਪੀਲੀਭੀਤ ਦਾ ਜਥੇਦਾਰ !
ਇਸ ਦਿਨ ਸੀ ਆਖਰੀ ਸਰਬੱਤ ਖਾਲਸਾ: ਆਖ਼ਰੀ ਸਰਬੱਤ ਖਾਲਸਾ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ ਸੀ। ਇਸ ਵਿੱਚ ਇਹ ਫੈਸਲਾ ਕੀਤਾ ਜਾਣਾ ਸੀ ਕਿ ਅੰਗਰੇਜ਼ ਹਕੂਮਤ ਹੱਥੋਂ ਹਾਰ ਖਾ ਕੇ ਸਿੱਖ ਰਾਜ ਦੀ ਸ਼ਰਨ ਵਿੱਚ ਆਏ ਮਰਾਠਿਆਂ ਦੇ ਮੁਖੀ ਜਸਵੰਤ ਸਿੰਘ ਰਾਓ ਹੁਲਕਰ ਪ੍ਰਤੀ ਕੀ ਰਵੱਈਆ ਅਪਣਾਇਆ ਜਾਵੇ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਬਰਤਾਨਵੀ ਜਰਨੈਲ ਲਾਰਡ ਲੇਕ ਤੇ ਹੁਲਕਰ ਦੀ ਲੜਾਈ ਵਿੱਚ ਖਾਲਸਾ ਪੰਥ ਨਿਰਪੱਖ ਰੂਪ ਧਾਰਣ ਕਰੇਗਾ।
ਇਸੇ ਤਰ੍ਹਾਂ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਸਰਬੱਤ ਖਾਲਸਾ ਦੀ ਰਵਾਇਤ ਫਿਰ ਤੋਂ ਤੋਰੀ ਅਤੇ 15 ਨਵੰਬਰ, 1920 ਨੂੰ ਅਕਾਲ ਤਖ਼ਤ ਸਾਹਿਬ ਦੇ ਸੇਵਕ ਗੁਰਬਖਸ਼ ਸਿੰਘ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ। ਇਸ ਵਿੱਚ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਬੱਤ ਖਾਲਸਾ ਦੀ ਇੱਕ ਕੋਸ਼ਿਸ਼ 1926 ਵਿੱਚ ਵੀ ਹੋਈ। ਇਸੇ ਕੜੀ ਵਿੱਚ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਪਿੱਛੋਂ ਵੀ 26 ਜਨਵਰੀ, 1986 ਨੂੰ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ਉੱਤੇ ਸਰਬੱਤ ਖਾਲਸਾ ਸੱਦਿਆ ਗਿਆ ਸੀ।