ਚੰਡੀਗੜ: ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਈਆ ਵਾਲਾ ਦੇ ਰਹਿਣ ਵਾਲੇ ਗੈਵੀ ਨੂੰ ਪੰਜਾਬ ਪੁਲਿਸ ਦੀ ਟੀਮ ਵੱਲੋਂ ਝਾਰਖੰਡ ਪੁਲਿਸ ਨਾਲ ਮਿਲ ਕੇ ਝਾਰਖੰਡ ਦੇ ਸਰਾਏ ਕਿਲਾ ਖਰਸਵਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਨੇ ਫਿਰੋਜ਼ਪੁਰ ਦੇ ਜੇਲ੍ਹ ਵਿੱਚ ਬੰਦ ਗੈਂਗਸਟਰ ਚੰਦਨ ਉਰਫ ਚੰਦੂ ਨਾਲ ਨਜ਼ਦੀਕੀ ਸਬੰਧ ਹੋਣ ਬਾਰੇ ਵੀ ਖੁਲਾਸਾ ਕੀਤਾ।
ਪੁਲਿਸ ਨੇ ਉਸ ਕੋਲੋਂ ਇਕ ਟੋਆਇਟਾ ਫਾਰਚੂਨਰ ਐਸਯੂਵੀ, ਪੰਜ ਮੋਬਾਈਲ ਹੈਂਡਸੈੱਟ ਅਤੇ ਤਿੰਨ ਇੰਟਰਨੈਟ ਡੌਂਗਲਾਂ ਜਿਨ੍ਹਾਂ ਦੀ ਵਰਤੋਂ ਉਹ ਨਸ਼ਾ ਅਤੇ ਅਪਰਾਧਕ ਨੈੱਟਵਰਕਾਂ ਨੂੰ ਚਲਾਉਣ ਲਈ ਕਰ ਰਿਹਾ ਸੀ ਵੀ ਬਰਾਮਦ ਕੀਤੀਆਂ ਹਨ। ਗੈਵੀ, ਜਿਸਦੇ ਕਿ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਸਬੰਧ ਸਨ ਨੂੰ ਪਾਕਿਸਤਾਨ ਤੋਂ ਵਾੜ ਦੇ ਥੱਲਿਓਂ ਪਾਈਪਾਂ ਰਾਹੀਂ ਜਾਂ ਰਹੀ ਨਦੀ ਵਿਚ ਪਾਣੀ ਦੀਆਂ ਟਿਊਬਾਂ ਦੀ ਵਰਤੋਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਭੇਜੀ ਜਾ ਰਹੀ ਸੀ। ਉਹ ਫਰਵਰੀ, 2020 ਵਿਚ 11 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਜਲੰਧਰ ਦਿਹਾਤੀ ਪੁਲਿਸ ਨੂੰ ਲੋੜੀਂਦਾ ਸੀ। ਗੈਵੀ ਦੇ ਪੁਰਾਣੇ ਅਪਰਾਧਕ ਰਿਕਾਰਡ ਮੁਤਾਬਕ ਉਸ `ਤੇ ਕਤਲ, ਡਕੈਤੀ, ਅਗਵਾ, ਜ਼ਬਰੀ ਲੁੱਟ ਅਤੇ ਐਨ.ਡੀ.ਪੀ.ਐਸ ਅਤੇ ਅਸਲਾ ਐਕਟ ਤਹਿਤ 10 ਤੋਂ ਵੱਧ ਘਿਨਾਉਣੇ ਅਪਰਾਧਾਂ ਦੇ ਮਾਮਲੇ ਚੱਲ ਰਹੇ ਹਨ। ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਵੀ ਨੇ ਝਾਰਖੰਡ ਦੇ ਜ਼ਿਲ੍ਹਾ ਸਰਾਏ ਕਿਲ੍ਹਾ ਵਿੱਚ ਜਾਣ ਤੋਂ ਬਾਅਦ ਗੋਲਡ ਜਿਮ ਵਿੱਚ ਜਿਮ ਇੰਸਟਰੱਕਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਗੈਵੀ ਦਾ ਝਾਰਖੰਡ ਤੱਕ ਪਿੱਛਾ ਕੀਤਾ ਅਤੇ ਏਆਈਜੀ, ਓਸੀਸੀਯੂ ਸ੍ਰੀ ਗੁਰਮੀਤ ਚੌਹਾਨ ਅਤੇ ਐਸਐਸਪੀ, ਐਸਏਐਸ ਨਗਰ ਸ੍ਰੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੂੰ ਝਾਰਖੰਡ ਭੇਜਿਆ ਗਿਆ ਅਤੇ ਝਾਰਖੰਡ ਪੁਲਿਸ ਦੇ ਸਹਿਯੋਗ ਨਾਲ ਜ਼ਿਲ੍ਹਾ ਜਮਸ਼ੇਦਪੁਰ ਅਤੇ ਸਰਾਏ ਕਿਲ੍ਹਾ ਵਿਖੇ ਜਾਂਚ ਅਭਿਆਨ ਚਲਾਇਆ ਗਿਆ।
ਉਹਨਾਂ ਕਿਹਾ ਕਿ ਇੰਸਪੈਕਟਰ ਹਰਦੀਪ ਸਿੰਘ ਅਤੇ ਇੰਸਪੈਕਟਰ ਪੁਸ਼ਵਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਟੀਮ ਨੇ ਸਰਾਏ ਕਿਲ੍ਹਾ ਵਿਚ ਗੈਵੀ ਦਾ ਪਤਾ ਲਗਾਇਆ। ਜਿਥੇ ਉਹ ਜਾਅਲੀ ਆਈਡੀ ਦੀ ਵਰਤੋਂ ਕਰਕੇ ਸ੍ਰੀ ਨਾਥ ਗਲੋਬਲ ਵਿਲੇਜ਼ ਵਿਚ ਕਿਰਾਏ ਦੇ ਫਲੈਟ ਵਿਚ ਰਹਿ ਰਿਹਾ ਸੀ। ਇੱਥੋਂ ਤੱਕ ਕਿ ਪੁਲਿਸ ਨੂੰ ਚਕਮਾ ਦੇਣ ਲਈ ਉਸਨੇ ਆਪਣੀ ਆਈ-20 ਕਾਰ ਵੇਚ ਕੇ ਫਾਰਚੂਨਰ ਐਸ.ਯੂ.ਵੀ. ਲੈ ਲਈ, ਜੋ ਡਰੱਗ ਮਨੀ ਨਾਲ ਖਰੀਦੀ ਗਈ ਸੀ।
ਇਹ ਵੀ ਪੜੋ: ਬਠਿੰਡਾ ਪ੍ਰਸ਼ਾਸਨ ਲਈ ਸਿਰਦਰਦੀ ਬਣੇ ਗੈਂਗਸਟਰ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਪੁਲਿਸ ਟੀਮਾਂ ਨੇ ਮੁਲਜ਼ਮ ਨੂੰ ਉਸ ਦੇ ਫਲੈਟ ਤੋਂ ਗ੍ਰਿਫਤਾਰ ਕੀਤਾ ਅਤੇ ਪੰਜਾਬ ਪੁਲਿਸ ਉਸਨੂੰ ਝਾਰਖੰਡ ਦੀ ਜੁਡੀਸ਼ੀਅਲ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਲੈ ਜਾਣ ਸਬੰਧੀ ਰਿਮਾਂਡ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗੈਵੀ ਦੀ ਗ੍ਰਿਫਤਾਰੀ ਨਾਲ ਸੂਬੇ ਅਤੇ ਦੇਸ਼ ਵਿੱਚ ਸਰਹੱਦੋਂ ਪਾਰ ਨਸ਼ਾ ਤਸਕਰੀ ਵਿੱਚ ਗੈਂਗਸਟਰਾਂ ਦੀ ਸਰਗਰਮ ਸ਼ਮੂਲੀਅਤ ਦਾ ਖੁਲਾਸਾ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਗੈਵੀ ਨੂੰ ਪੁਲਿਸ ਥਾਣਾ ਕੁਰਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 392, 395, 384, ਐਨਡੀਪੀਐਸ ਐਕਟ ਦੀ ਧਾਰਾ 21-22-29 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਦਰਜ ਐਫਆਈਆਰ ਨੰ. 31 ਮਿਤੀ 14 ਅਪ੍ਰੈਲ 2021 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।