ਚੰਡੀਗੜ੍ਹ: 18 ਮਾਰਚ ਤੋਂ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਵੀਡੀਓ ਜਾਰੀ ਅੰਮ੍ਰਿਤਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਖਾਸੀ ਮੌਕੇ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਕਿਹਾ ਹੈ ਕਿ ਮੈਂ ਚੜ੍ਹਦੀ ਕਲਾ ਵਿੱਚ ਹਾਂ।
ਇਹ ਵੀ ਪੜੋ: Daily Hukamnama: ੧੭ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਯੂਕੇ ਤੋਂ ਅਪਲੋਡ ਹੋਈ ਵੀਡੀਓ: ਪੁਲਿਸ ਵੱਲੋਂ ਅੰਮ੍ਰਿਤਪਾਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਤਿੰਨ ਆਈਪੀ ਐਡਰੈੱਸ ਰਾਹੀਂ ਪ੍ਰਸਾਰਿਤ ਕੀਤਾ ਗਿਆ ਸੀ। ਉਥੇ ਹੀ ਜਾਣਕਾਰੀ ਇਹ ਵੀ ਹੈ ਕਿ ਵੀਡੀਓ ਯੂਨਾਈਟਿਡ ਕਿੰਗਡਮ (ਯੂਕੇ) ਤੋਂ ਅਪਲੋਡ ਕੀਤਾ ਗਿਆ ਹੈ ਤੇ ਇਹ ਵੀਡੀਓ ਕਰੀਬ 3 ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਰਿਕਾਰਡ ਕੀਤਾ ਗਿਆ ਸੀ। ਜਿਸ ਯੂਟਿਊਬ ਅਕਾਊਂਟ ਤੋਂ ਵੀਡੀਓ ਅਪਲੋਡ ਕੀਤੀ ਗਈ ਸੀ, ਉਸ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।
ਅੰਮ੍ਰਿਤਪਾਲ ਨੇ ਬੀਤੇ ਦਿਨ ਵੀਡੀਓ ਕੀਤੀ ਸੀ ਜਾਰੀ: ਦੱਸ ਦਈਏ ਕਿ 18 ਮਾਰਚ ਦੀ ਘਟਨਾ ਤੋਂ ਬਾਅਦ ਕੱਲ ਪਹਿਲੀ ਵਾਰ ਅੰਮ੍ਰਿਤਪਾਲ ਦੀ ਵੀਡੀਓ ਸਾਹਮਣੇ ਆਈ ਸੀ। ਅੰਮ੍ਰਿਤਪਾਲ ਨੇ ਵੀਡੀਓ ਜਾਰੀ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ ਹੈ। ਵੀਡੀਓ ਵਿੱਚ ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਦਾ 18 ਮਾਰਚ ਨੂੰ ਮਾਲਵੇ ਵਿੱਚ ਪ੍ਰੋਗਰਾਮ ਸੀ ਤੇ ਉਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਘਰੋਂ ਬਾਹਰ ਨਿਕਲੇ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਘੇਰ ਲਿਆ ਸੀ। ਅੰਮ੍ਰਿਤਪਾਲ ਨੇ ਪੁਲਿਸ ਦੇ ਰਵੱਈਏ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ 18 ਮਾਰਚ ਦੀ ਘਟਨਾ ਤੋਂ ਬਾਅਦ, ਇੰਟਰਨੈੱਟ ਬੰਦ ਸੀ ਇਸ ਕਰਕੇ ਸੰਪਰਕ ਨਹੀਂ ਕਰ ਸਕਿਆ।
ਵੀਡੀਓ ਵਿੱਚ ਅੰਮ੍ਰਿਤਪਾਲ ਨੇ ਜਥੇਦਾਰ ਨੂੰ ਕੀਤੀ ਅਪੀਲ: ਵੀਡੀਓ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਇਕੱਠਾ ਹੋਣਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਵੱਡੇ ਮੁੱਦੇ ‘ਤੇ ਜਥੇਦਾਰ ਸਾਹਿਬ ਨੂੰ ਖੁਦ ਅੱਗੇ ਆ ਕੇ ਅਗਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਨੇ ਜੋ ਪਿੰਡਾਂ ਵਿੱਚ ਵਹੀਰਾ ਕੱਢਣ ਦਾ ਫੈਸਲਾ ਕੀਤਾ ਹੈ ਉਹ ਸ਼ਲਾਘਾਯੋਗ ਹੈ, ਪਰ ਲੋਕ ਪਹਿਲਾਂ ਹੀ ਜਾਗਰੂਕ ਹਨ। ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਬੁਲਾਇਆ ਗਿਆ ਸਰਬੱਤ ਖਾਲਸਾ ਉਹੀ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਜੋ ਅਬਦਾਲੀ ਕਾਂਡ ਤੋਂ ਬਾਅਦ ਸੱਦਿਆ ਗਿਆ ਸੀ। ਉਸ ਸਮੇਂ ਵੱਡਾ ਸਰਬੱਤ ਖਾਲਸਾ ਹੋਇਆ, ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ, ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਭ ਨੂੰ ਅੱਗੇ ਆਉਣਾ ਪਵੇਗਾ। ਅੰਮ੍ਰਿਤਪਾਲ ਨੇ ਕਿਹਾ ਕਿ ਇਹ ਮੁੱਦਾ ਸਿਰਫ ਮੇਰੀ ਗ੍ਰਿਫਤਾਰੀ ਦਾ ਨਹੀਂ ਹੈ, ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਇਸ ਮੁੱਦੇ 'ਤੇ ਵਿਚਾਰ ਕਰਨਾ ਚਾਹੀਦਾ ਹੈ।