ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਦੇ ਬਠਿੰਡਾ ਪ੍ਰਧਾਨ ਗੁਰਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਅਗਵਾਈ ਹੇਠ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਕਿਸਾਨ ਭਵਨ ਵਿੱਚ ਕੀਤੀ ਗਈ। ਇਸ ਬਾਰੇ ਗੱਲ ਕਰਦਿਆਂ ਗੁਰਦੀਪ ਸਿੰਘ ਨੇ ਕਿਹਾ ਕਿ ਸਾਰੇ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੋਈ ਸਲਾਹ ਮਸ਼ਵਰਾ ਕਰਨ ਲਈ ਨਹੀਂ ਸੀ ਬਲਕਿ ਇਹ ਸਰਕਾਰ ਦੇ ਲਈ ਇੱਕ ਚੁਣੌਤੀ ਹੈ ਕਿਉਂਕਿ ਉਨ੍ਹਾਂ ਦੇ ਵੱਲੋਂ ਅਜੇ ਤੱਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਦੇ ਵਿੱਚ ਬਾਦਲਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ੁਮਾਰ ਹੋਵੇਗਾ ਕਿ ਉਨ੍ਹਾਂ ਦੇ ਵੱਲੋਂ ਬੇਅਦਬੀ ਘਟਨਾਵਾਂ ਨੂੰ ਨਾ ਹੀ ਰੋਕਿਆ ਗਿਆ ਅਤੇ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮਾਂ ਨੂੰ ਫੜਕੇ ਸਜ਼ਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਰਾਹੀਂ ਅਸੀਂ ਮੁੱਖ ਮੰਤਰੀ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਜੇਕਰ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ 25 ਜਨਵਰੀ ਤੋਂ ਹੀ ਯੂਨਾਈਟਿਡ ਅਕਾਲੀ ਦਲ ਵੱਲੋਂ ਬਹਿਬਲ ਕਲਾਂ ਤੋਂ ਇਨਸਾਫ ਮਾਰਚ ਕੱਢਣਾ ਸ਼ੁਰੂ ਕੀਤਾ ਜਾਵੇਗਾ।
ਬਹਿਬਲ ਕਲਾਂ ਤੋਂ ਸ਼ੁਰੂ ਹੋਇਆ ਇਹ ਮਾਰਚ ਪੂਰੇ ਪੰਜਾਬ ਵਿੱਚ ਲੜੀਵਾਰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਦੇ ਨਾਲ-ਨਾਲ ਹੋਰ ਵੀ ਜਥੇਬੰਦੀਆਂ ਦਾ ਸਾਥ ਰਹੇਗਾ ਜਿੱਥੇ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।