ਜਲੰਧਰ: ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 24ਵੇਂ ਸਾਲਾਨਾ ਸੰਮੇਲਨ ਦੌਰਾਨ ਉੱਤਰ ਪੂਰਬ, ਪੱਛਮੀ ਬੰਗਾਲ, ਦੱਖਣੀ, ਪੱਛਮੀ ਅਤੇ ਉੱਤਰੀ ਖੇਤਰਾਂ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਰਕੀਟੈਕਚਰ, ਯੋਜਨਾਬੰਦੀ ਅਤੇ ਇੰਜੀਨੀਅਰਿੰਗ ਨਾਲ ਸੰਬੰਧਿਤ ਚੋਟੀ ਦੇ 26 ਕਾਲਜਾਂ ਦੇ ਲਗਭਗ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਸੰਮੇਲਨ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਦੇਸ਼ ਦੇ ਉਭਰਦੇ ਯੋਜਨਾਕਾਰਾਂ ਨੂੰ ਸੰਬੰਧਿਤ ਮਹਾਰਤ ਦੀਆਂ ਮਜ਼ਬੂਤ, ਵਿਹਾਰਕ ਅਤੇ ਸਮੱਸਿਆ ਨਾਲ ਨਜਿੱਠਣ ਦੀਆਂ ਯੋਗਤਾਵਾਂ ਵਾਲੇ ਮਾਹਿਰ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ।
ਵਿਦਿਆਰਥੀਆਂ ਲਈ ਬਣੇਗਾ ਨਵਾਂ ਮੰਚ: ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕਨਵੈਨਸ਼ਨ ਦੇਸ਼ ਦੇ ਵਿਦਿਆਰਥੀਆਂ ਦੀ ਯੋਜਨਾਬੰਦੀ ਨੂੰ ਪੇਸ਼ੇਵਰ ਤਰੀਕੇ ਨਾਲ ਵਿਕਸਤ ਕਰਨ ਦਾ ਉਪਰਾਲਾ ਹੈ। ਇਹ ਪਲਾਨਿੰਗ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਡੇ ਪੱਧਰ 'ਤੇ ਸਮੁੱਚੇ ਯੋਜਨਾਬੰਦੀ ਭਾਈਚਾਰਿਆਂ ਵਿਚਕਾਰ ਆਪਸੀ ਤਾਲਮੇਲ ਲਈ ਇੱਕ ਵਧੀਆ ਪਲੇਟਫਾਰਮ ਹੈ। ਇਹ ਵਿਦਿਆਰਥੀ ਯੋਜਨਾਕਾਰਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਅਤੇ ਮੌਜੂਦਾ ਯੋਜਨਾ ਅਭਿਆਸਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦੀ ਵੀ ਖੁੱਲ੍ਹ ਦੇਵੇਗਾ।
ਕਿਸੇ ਵਿਪਤਾ ਵਾਲੀ ਸਥਿਤੀ ਚ ਲੱਗਣ ਤਜ਼ਰਬੇ: ਜਾਣਕਾਰੀ ਦਿੰਦਿਆਂ ਪ੍ਰੋ ਚਾਂਸਲਰ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਯੋਜਨਾਬੰਦੀ ਲਈ ਇਕ ਦੂਜੇ ਤੋਂ ਕੁੱਝ ਨਾ ਕੁੱਝ ਨਵਾਂ ਸਿੱਖਣ ਦੀ ਲੋੜ ਹੈ ਅਤੇ ਇਹ ਮੌਕਾ ਇਸ ਕੰਨਵੈਸ਼ਨ ਤੋਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਭਵਿੱਖ ਦੀ ਸ਼ਹਿਰੀ ਯੋਜਨਾਬੰਦੀ ਦੇ ਖੇਤਰ ਵਿੱਚ ਬਹੁਤ ਕੁਝ ਨਵਾਂ ਕਰਨ ਦੇ ਖੇਤਰ ਵਿਚ ਵਿਸ਼ਾਲ ਨੈਟਵਰਕ ਸਾਬਿਤ ਹੋਵੇਗਾ। ਇਸੇ ਤਰ੍ਹਾਂ ਸੇਵਾਮੁਕਤ ਅਤੇ ਟਾਊਨ ਐਂਡ ਕੰਟਰੀ ਪਲੈਨਿੰਗ ਆਰਗੇਨਾਈਜ਼ੇਸ਼ਨ ਵਿੱਚ ਕੰਮ ਕਰ ਚੁੱਕੇ ਮਾਹਿਰ ਆਰ ਸ੍ਰੀਨਿਵਾਸ ਨੇ ਵੀ ਟਾਊਨ ਪਲਾਨਿੰਗ ਅਤੇ ਸ਼ਹਿਰੀ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਤਕਨੀਕੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ, ਤੁਰਕੀ ਭੂਚਾਲ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਤੋਂ ਸਬਕ ਸਿੱਖ ਕੇ ਭਵਿੱਖ ਦੀ ਯੋਜਨਾਬੰਦੀ ਵਿੱਚ ਵਿਦਿਆਰਥੀਆਂ ਨੂੰ ਆਪਣੇ ਤਜਰਬੇ ਲਗਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ: Amritsar Bank loot solve: PNB ਬੈਂਕ 'ਚ ਡਕੈਤੀ ਕਰਨ ਵਾਲੇ 2 ਚੋਰ 22 ਲੱਖ ਰੁਪਏ ਸਮੇਤ ਕਾਬੂ
ਯਾਦ ਰਹੇ ਕੰਨਵੈਸ਼ਨ ਦੇ ਅਖੀਰਲੇ ਦਿਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿੱਚ ਯੋਜਨਾਬੰਦੀ, ਪ੍ਰਕਾਸ਼ਨ, ਮਨੋਰੰਜਨ ਅਤੇ ਗੇਮਿੰਗ ਵਿੱਚ ਵਿਦਿਆਰਥੀ ਸਨਮਾਨਿਤ ਕੀਤੇ ਗਏ ਹਨ।