ਚੰਡੀਗੜ੍ਹ: ਸਿੱਖ ਧਰਮ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਆਈਏਐੱਸ ਅਧਿਕਾਰੀਆਂ ਵਜੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ। ਜਿਸ ਲਈ ਆਈਏਐੱਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। 1 ਅਪ੍ਰੈਲ ਤੋਂ 35 ਵਿਦਆਰਥੀਆਂ ਦਾ ਪਹਿਲਾ ਬੈਚ ਸ਼ੁਰੂ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਇਸ ਫ਼ੈਸਲੇ 'ਤੇ ਕਿੰਤੂ ਪ੍ਰੰਤੂ ਹੋਣ ਲੱਗਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਨੇ ਆਖਿਰ ਸਿਵਲ ਸਰਵਿਸਜ਼ ਦੀ ਟ੍ਰੇਨਿੰਗ ਦੀ ਮੰਸ਼ਾ ਨੂੰ ਕਿਉਂ ਪ੍ਰਗਟਾਇਆ ? ਇਹ ਵੀ ਦਾਅਵਾ ਹੈ ਕਿ ਇਹਨਾਂ ਸਾਰੇ ਕੋਰਸਾਂ ਦਾ ਖਰਚਾ ਐਸਜੀਪੀਸੀ ਵੱਲੋਂ ਚੁੱਕਿਆ ਜਾਵੇਗਾ। ਇਸ ਪੂਰੇ ਵਰਤਾਰੇ ਨਾਲ ਐਸਜੀਪੀਸੀ ਕਿਵੇਂ ਨਜਿੱਠੇਗੀ ? ਆਪ ਮੁਹਾਰੇ ਹੀ ਕਈ ਸਵਾਲਾਂ ਨੇ ਐੱਸਜੀਪੀਸੀ ਨੂੰ ਘੇਰਿਆ ਹੈ। ਐਸਜੀਪੀਸੀ ਬੇਸ਼ੱਕ ਇਸ ਉਪਰਾਲੇ ਨੂੰ ਨਿਵੇਕਲਾ ਮੰਨਦੀ ਹੋਵੇ ਪਰ ਸ਼ੱਕ ਦੀ ਸੂਈ ਵਾਰ ਵਾਰ ਇਸ ਉੱਤੇ ਘੁੰਮ ਰਹੀ ਹੈ।
ਸਕੱਤਰ ਨੇ ਕੀਤੀ ਸ਼ਲਾਘਾ: ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਐਸਜੀਪੀਸੀ ਦਾ ਮਕਸਦ ਸਾਫ਼ ਹੈ ਜਿਸ ਲਈ ਇਹ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ ਚੰਡੀਗੜ੍ਹ ਸਥਿਤ ਨਿਸ਼ਚੈ ਅਕੈਡਮੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟ੍ਰੇਨਿੰਗ ਲਈ ਟਾਈਅਪ ਵੀ ਕੀਤਾ ਹੈ। ਟ੍ਰੇਨਿੰਗ ਲੈਣ ਵਾਲੇ ਉਮੀਦਵਾਰਾਂ ਦਾ ਰਹਿਣ, ਖਾਣ ਪੀਣ, ਕੋਚਿੰਗ ਅਤੇ ਲੈਪਟਾਪ ਤੱਕ ਦਾ ਸਾਰਾ ਪ੍ਰਬੰਧ ਐਸਜੀਪੀਸੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ ਜਿਹਨਾਂ ਦੀ ਚੋਣ ਟੈਸਟ ਪ੍ਰਕਿਿਰਆ ਰਾਹੀਂ ਕੀਤੀ ਜਾਵੇਗੀ। ਦਾਅਵਾ ਇਹ ਵੀ ਹੈ ਕਿ ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਸਾਰੇ ਖ਼ਰਚੇ ਪੂਰੇ ਕੀਤੇ ਜਾਣਗੇ। ਇਹਨਾਂ ਦਾਅਵਿਆਂ ਵਿਚਕਾਰ ਕਈ ਐੱਸਜੀਪੀਸੀ ਦੇ ਸਾਬਕਾ ਮੈਂਬਰ ਅਤੇ ਸਿੱਖ ਚਿੰਤਕ ਇਸਨੂੰ ਜ਼ਮੀਨੀ ਹਕੀਕਤ ਤੋਂ ਪਰੇ ਦੀਆਂ ਗੱਲਾਂ ਦੱਸ ਰਹੇ ਹਨ। ਐਸਜੀਪੀਸੀ ਦੇ ਸਕੱਤਰ ਪ੍ਰੀਤਮ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਉਹਨਾਂ ਵੱਲੋਂ ਕੀਤੇ ਉਪਰਾਲੇ ਨਾਲ ਪੰਜਾਬ ਦਾ ਨਾਂ ਦੇਸ਼ ਪੱਧਰ ਉੱਤੇ ਰੌਸ਼ਨ ਹੋਵੇਗਾ।
ਐੱਸਜੀਪੀਸੀ ਦੇ ਵਿਦਿਅਕ ਅਦਾਰਿਆਂ ਦੀ ਹਾਲਤ ਤਰਸਯੋਗ: ਸਾਬਕਾ ਐਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਵੱਲੋਂ ਐਸਜੀਪੀਸੀ ਦਾ ਇਹ ਉਪਰਾਲਾ ਸਵਾਲੀਆ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਕੁਝ ਵੀ ਨਹੀਂ ਇਕ ਵੱਡਾ ਝੋਲ ਹੈ ਅਤੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਵਾਲੀ ਗਤੀਵਿਧੀ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਹਾਈਪ ਲੈਣ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਈਏਐੱਸ ਕੋਈ ਬੰਦਾ ਇੱਕ ਦਿਨ ਵਿੱਚ ਨਹੀਂ ਬਣ ਜਾਂਦਾ ਬੱਚੇ ਨੂੰ ਸ਼ੁਰੂ ਤੋਂ ਹੀ ਮਾਹੌਲ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਐੱਸਜੀਪੀਸੀ ਦੇ ਆਪਣੇ ਵਿਦਿਅਕ ਅਦਾਰਿਆਂ ਦੀ ਹਾਲਤ ਤਰਸਯੋਗ ਹੈ ਅਤੇ ਉੱਥੇ ਕੰਮ ਕਰ ਰਹੇ ਸਟਾਫ਼ ਨੂੰ 6- 6 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਅਜਿਹੇ 'ਚ ਆਈਏਐਸ ਅਧਿਕਾਰੀਆਂ ਨੂੰ ਕਿਵੇਂ ਸਾਰਥਕ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ।
ਜਿਸ ਅਕੈਡਮੀ ਨਾਲ ਟਾਈਅੱਪ ਉਸਦਾ ਕੋਈ ਨਾਂ ਨਹੀਂ : ਮਸਲੇ ਉੱਤੇ ਬੋਲਦਿਆਂ ਸਿੱਖ ਚਿੰਤਕ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਐੱਸਜੀਪੀਸੀ ਨੇ ਟਾਈਅੱਪ ਨਿਸ਼ਚੇ ਅਕੈਡਮੀ ਨਾਲ ਕੀਤਾ ਹੈ ਅਤੇ ਨਿਸ਼ਚੈ ਅਕੈਡਮੀ ਦਾ ਕੋਈ ਬਹੁਤ ਵੱਡਾ ਨਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀਆਂ ਕਈ ਨਾਮਵਰ ਅਕੈਡਮੀਆਂ ਹਨ ਜਿਹਨਾਂ ਨਾਲ ਟਾਈਅੱਪ ਕੀਤਾ ਜਾ ਸਕਦਾ ਸੀ। ਉਨ੍ਹਾਂ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਐੱਸਜੀਪੀਸੀ ਜਦੋਂ ਵੀ ਕੁਝ ਕਰਦੀ ਹੈ ਤਾਂ ਆਪਣੇ ਖਾਸ ਬੰਦਿਆਂ ਲਈ ਕਰਦੀ ਹੈ ਅਤੇ ਇਸ ਮਾਮਲੇ ਸਬੰਧੀ ਐਸਜੀਪੀਸੀ ਨੇ ਨਾ ਕੋਈ ਇਸ਼ਤਿਹਾਰ ਦਿੱਤਾ ਅਤੇ ਨਾ ਹੀ ਵੱਡੀਆਂ ਅਕੈਡਮੀਆਂ ਨਾਲ ਅੱਜ ਤੱਕ ਸਿੱਖ ਵਿਦਿਆਰਥੀਆਂ ਲਈ ਕੋਈ ਡੀਲ ਕੀਤੀ। ਉਨ੍ਹਾਂ ਕਿਹਾ ਸਾਰੇ ਮਾਲੇ ਤੋਂ ਸਪਸ਼ਟ ਹੈ ਕਿ ਅੰਦਰਖਾਤੇ ਸਾਰੀਆਂ ਵਿਊਤਾਂ ਬਣਾਈਆਂ ਗਈਆਂ ਜੋ ਕਿ ਸਾਜਿਸ਼ੀ ਢੰਗ ਤਰੀਕਾ ਪ੍ਰਤੀਤ ਹੁੰਦਾ ਹੈ। ਉਨ੍ਹਾਂ ਕਿਹਾ ਸਵਾਲ ਤਾਂ ਇਹ ਵੀ ਹੈ ਕਿ ਸਿੱਖ ਸੰਗਤ ਦੇ ਪੈਸਿਆਂ ਦੀ ਕੀ ਸਹੀ ਵਰਤੋਂ ਹੋ ਸਕੇਗੀ ?
ਐਸਜੀਪੀਸੀ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ: ਉਨ੍ਹਾਂ ਅੱਗੇ ਇਹ ਕਿਹਾ ਕਿ ਇਲਜ਼ਾਮ ਤਾਂ ਇਹ ਵੀ ਹੈ ਕਿ ਐੱਸਜੀਪੀਸੀ ਵਿੱਚ ਇਸ ਸਮੇਂ ਭ੍ਰਿਸ਼ਟਾਚਾਰ ਸਿਖ਼ਰ ਉੱਤੇ ਹੈ ਅਤੇ ਇੱਥੇ ਕੁਰੱਪਸ਼ਨ ਸਰਕਾਰੀ ਅਦਾਰਿਆਂ ਤੋਂ ਵੀ ਕਿਧਰੇ ਜ਼ਿਆਦਾ ਹੈ ਜੋ ਕਿ ਜੱਗ ਜਾਹਿਰ ਹੈ ਜਿਸ ਲਈ ਸਬੂਤ ਦੀ ਕੋਈ ਜ਼ਰੂਰਤ ਨਹੀਂ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜ਼ਰੂਰੀ ਨਹੀਂ ਆਈਏਐੱਸ ਅਧਿਕਾਰੀ ਨੂੰ ਪੰਜਾਬ ਦਾ ਹੀ ਕੇਡਰ ਮਿਲੇ ਉਸ ਨੂੰ ਕੋਈ ਵੀ ਕੇਡਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਸਰਵੀਸਿਜ਼ ਵਿੱਚ ਮੈਰਿਟ ਤੋਂ ਇਲਾਵਾ ਵੀ ਕੁੱਝ ਚੀਜ਼ਾਂ ਵੇਖੀਆਂ ਜਾਂਦੀਆਂ ਹਨ ਜਿਹਨਾਂ ਕਰਕੇ ਕਈ ਵਾਰ ਸਿੱਖ ਬੱਚਿਆਂ ਨੂੰ ਨਕਾਰ ਦਿੱਤਾ ਜਾਂਦਾ ਹੈ।