ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਦਰਅਸਲ ਕੋਰਟ ਸਾਹਮਣੇ ਦੋ ਲੜਕੀਆਂ ਵਲੋਂ ਇੱਕ-ਦੂਜੇ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗੀ ਗਈ ਹੈ। ਇਹੀ ਨਹੀਂ ਇਨ੍ਹਾਂ ਦੋਵਾਂ ਵਲੋਂ ਇਸ ਨਾਲ ਸੰਬੰਧਿਤ ਇਕ ਪਟੀਸ਼ਨ ਵੀ ਪਾਈ ਗਈ ਹੈ। ਜਾਣਕਾਰੀ ਮੁਤਾਬਿਕ ਇਹ ਲੜਕੀਆਂ ਚੰਡੀਗੜ੍ਹ-ਮੋਹਾਲੀ ਵਿਚਾਕਾਰ ਪੈਂਦੇ ਸੈਕਟਰ ਦੀਆਂ ਰਹਿਣ ਵਾਲੀਆਂ ਹਨ। ਦੋਵਾਂ ਵਲੋਂ ਕੋਰਟ ਵਿੱਚ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਆਪਸ ਵਿੱਚ ਵਿਆਹ ਕਰਵਾਉਣ ਦੀ ਇਜ਼ਾਜਤ ਦਿੱਤੀ ਜਾਵੇ। ਹਾਈ ਕੋਰਟ ਵਿੱਚ ਦਾਖਿਲ ਕੀਤੀ ਗਈ ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਕ ਲੜਕੀ ਦਾ ਪਰਿਵਾਰ ਤਾਂ ਇਸ ਵਿਆਹ ਲਈ ਰਾਜੀ ਹੈ ਪਰ ਦੂਜੀ ਦੇ ਘਰਦੇ ਨਹੀਂ ਮੰਨ ਰਹੇ। ਇਸ ਲਈ ਉਨ੍ਹਾਂ ਨੂੰ ਕੋਰਟ ਵਿੱਚ ਆਉਣਾ ਪਿਆ ਹੈ।
ਹਾਈਕੋਰਟ ਨੇ ਵੀ ਕੀਤੀ ਅਹਿਮ ਟਿੱਪਣੀ : ਜ਼ਿਕਰਯੋਗ ਹੈ ਕਿ ਇਸ 'ਤੇ ਹਾਈਕੋਰਟ ਨੇ ਵੀ ਟਿੱਪਣੀ ਕੀਤੀ ਹੈ। ਕੋਰਟ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਮਲਿੰਗੀ ਵਿਆਹ ਜਾਇਜ਼ ਨਹੀਂ ਹੈ। ਇਸ ਨਾਲ ਜੁੜੇ ਕਈ ਮਾਮਲੇ ਸੁਪਰੀਮ ਕੋਰਟ ਵਿੱਚ ਵੀ ਵਿਚਾਰ ਅਧੀਨ ਹਨ। ਇਸ ਲਈ ਕੋਰਟ ਨੂੰ ਉਨ੍ਹਾਂ ਨੂੰ ਏਨਾ ਹੱਕ ਤਾਂ ਦੇ ਸਕਦਾ ਹੈ ਕਿ ਦੋਹਾਂ ਨੂੰ ਇਕੱਠਿਆਂ ਰਹਿਣ ਦਿੱਤਾ ਜਾਵੇ, ਪਰ ਵਿਆਹ ਵਰਗੀ ਅਹਿਮ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ ਇਸ ਬਾਰੇ ਜਾਣਕਾਰੀ ਦਿੰਦਿਆਂ ਕੁੜੀਆਂ ਦੇ ਵਕੀਲ ਨੇ ਕਿਹਾ ਹੈ ਕਿ ਅਦਾਲਤ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਲਈ ਚੰਡੀਗੜ੍ਹ ਪੁਲਿਸ ਨੂੰ ਖਾਸ ਨਿਰਦੇਸ਼ ਦਿੱਤੇ ਗਏ ਹਨ ਕਿਉਂ ਕਿ ਕੁੜੀਆਂ ਨੇ ਇਹ ਗੱਲ ਕਹੀ ਹੈ ਕਿ ਉਨ੍ਹਾਂ ਦਾ ਪਰਿਵਾਰ ਇਸ ਵਿਆਹ ਤੋਂ ਨਾਰਾਜ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ : Road Accident :ਧਾਰਮਿਕ ਸਥਾਨ 'ਤੇ ਮੱਥਾ ਟੇਕ ਵਾਪਿਸ ਪਰਤ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ
ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀਆਂ ਨੇ ਦੋਵੇਂ : ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਲੜਕੀਆਂ ਹਾਲ ਦੀ ਘੜੀ ਇਕੱਠੀਆਂ ਹੀ ਰਹਿ ਰਹੀਆਂ ਹਨ। ਦੋਵਾਂ ਦੀ ਉਮਰ 20 ਸਾਲ ਤੋਂ ਵੱਧ ਹੈ ਅਤੇ ਇਹ ਦੋਵੇਂ ਇਕੋਂ ਥਾਂ ਕੰਮ ਕਰਦੀਆਂ ਹਨ। ਦੂਜੇ ਪਾਸੇ ਇਨ੍ਹਾਂ ਨੇ ਕਿਹਾ ਕਿ ਅਸੀਂ ਲਿਵ ਇਨ ਵਿਚ ਵੀ ਖੁਸ਼ ਹੀ ਰਹਿ ਰਹੀਆਂ ਹਾਂ। ਦੂਜੇ ਪਾਸੇ ਟ੍ਰਾਈਸਿਟੀ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ਨਾਲ ਚਰਚਾ ਵੀ ਹੋ ਰਹੀ ਹੈ। ਹਾਲ ਦੀ ਘੜੀ ਲੜਕੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।