ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕ ਦਿਵਸ 2020 ਮੌਕੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਗਈ ਹੈ।
ਸਿੰਗਲਾ ਨੇ ਇਸ ਦਿਵਸ ਮੌਕੇ ਸੱਦਾ ਦਿੱਤਾ ਕਿ ਆਉ ਇਸ ਸ਼ੁੱਭ ਮੌਕੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇ ਅਤੇ ਪ੍ਰਣ ਲਈਏ ਕਿ ਕੋਵਿਡ-19 ਦੇ ਮੁਸ਼ਕਿਲ ਸਮੇਂ ਵਿੱਚ ਬੱਚਿਆਂ ਨੂੰ ਹੋਰ ਵਧੀਆ ਢੰਗ ਨਾਲ ਆਨਲਾਈਨ ਤਰੀਕਿਆਂ ਰਾਹੀਂ ਨੈਤਿਕ ਸਿੱਖਿਆ ਵੱਲ ਧਿਆਨ ਦਿੱਤਾ ਜਾਵੇ।
ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਸਵਰਗੀ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਵਜੋਂ ਅਧਿਆਪਕ ਦਿਵਸ 2020 ਨੂੰ ਮਨਾਇਆ ਜਾਂਦਾ ਹੈ, ਜੋ ਕਿ ਉੱਘੇ ਸਿੱਖਿਆ ਮਾਹਿਰ ਅਤੇ ਮਹਾਨ ਦਰਸ਼ਨ ਸ਼ਾਸਤਰੀ ਸਨ ਅਤੇ ਜਿਨ੍ਹਾਂ ਨੇ ਸਿੱਖਿਆ ਪ੍ਰਣਾਲੀ ਦੇ ਪੁਨਰਗਠਨ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਆਪਣਾ ਮਹਾਨ ਯੋਗਦਾਨ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਰਾਸ਼ਟਰਪਤੀ ਰਾਮਾਨਾਥ ਕੋਵਿੰਦ ਵੱਲੋਂ ਇਸ ਅਧਿਆਪਕ ਦਿਵਸ ਮੌਕੇ ਕੋਰੋਨਾ ਤੋਂ ਪਹਿਲਾਂ ਅਤੇ ਕੋਰੋਨਾ ਦਰਮਿਆਨ ਵਧੀਆ ਸੇਵਾਵਾਂ ਦੇਣ ਵਾਲੇ 47 ਅਧਿਆਪਕਾਂ ਨੂੰ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਅਧਿਆਪਕਾਂ ਵਿੱਚ ਪੰਜਾਬ ਦੇ ਜ਼ਿਲ੍ਹੇ ਫ਼ਰੀਦਕੋਟ ਦੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦਾ ਨਾਂਅ ਵੀ ਸ਼ਾਮਲ ਹੈ।