ਚੰਡੀਗੜ੍ਹ: ਹਿੰਦੂ ਭਾਈਚਾਰਾ ਜਿੱਥੇ ਰੌਸ਼ਨੀਆਂ ਦਾ ਤਿਉਹਾਰ ਦਿਵਾਲੀ ਮਨਾਉਂਦਾ ਹੈ ਅਤੇ ਸ਼੍ਰੀ ਰਾਮਚੰਦਰ ਜੀ ਦੀ ਅਯੁੱਧਿਆ ਵਾਪਸੀ ਦਾ ਜਸ਼ਨ ਮਨਾਉਂਦਾ ਹੈ। ਇਸ ਦੇ ਨਾਲ ਹੀ ਦਿਵਾਲੀ ਦਾ ਸਿੱਖ ਕੌਮ ਲਈ ਇੱਕ ਵੱਖਰਾ ਮਹੱਤਵ ਹੈ, ਕਿਉਂਕਿ ਸਿੱਖ ਕੌਮ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣ ਦਾ ਸਬੰਧ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੋਇਆ ਹੈ।
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ
ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਅਤੇ ਸ਼ਾਂਤਮਈ ਸ਼ਹਾਦਤ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆਉਂਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਮੁਗਲਾਂ ਦੇ ਜ਼ੁਲਮ ਨਾਲ ਨਜਿੱਠਣ ਲਈ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ 'ਮੀਰੀ' ਅਤੇ 'ਪੀਰੀ' ਨਾਂ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਉਨ੍ਹਾਂ ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ ਵਿੱਚ ਨਿਪੁੰਨ ਬਣਨ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਸਿੱਖ ਕੌਮ ਦੇ ਫੈਸਲਿਆਂ ਲਈ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।
ਬਾਬਰ ਦਾ ਜੇਲ੍ਹ ਖ਼ਾਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਸੱਚ ਦੇ ਮਾਰਗ ਤੋਂ ਡਗਮਗਾ ਨਹੀਂ ਸਕਿਆ। ਇਸੇ ਤਰ੍ਹਾਂ ਜਹਾਂਗੀਰ ਵਲੋਂ ਕੀਤੀ ਗਈ ਗ੍ਰਿਫਤਾਰੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਇਰਾਦਿਆਂ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੀ, ਆਖਰਕਾਰ ਸੱਚ ਦੀ ਜਿੱਤ ਹੋਈ। ਜਹਾਂਗੀਰ ਨੇ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਦਿੱਤੇ, ਪਰ ਸੱਚੀ ਸਰਕਾਰ ਨੇ ਆਪਣੇ ਇਕੱਲੇ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਮੁਗਲ ਸਰਕਾਰ ਅੱਗੇ ਆਪਣੀ ਰਿਹਾਈ ਦੇ ਨਾਲ-ਨਾਲ 52 (ਬਵੰਜਾ) ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖੀ। ਮੁਕਤੀ ਦੇ ਦਾਤਾ ਗੁਰੂ ਸਾਹਿਬ ਵੱਲੋਂ ਪਹਿਨੇ ਬਵੰਜਾ (52) ਕਲੀਆਂ ਵਾਲੇ ਚੋਲੇ ਨਾਲ 52 ਹੋਰ ਰਾਜਿਆਂ ਨੂੰ ਵੀ ਜੇਲ੍ਹ ਤੋਂ ਆਜ਼ਾਦ ਕਰਵਾਇਆ।
ਮੁਰਤਜ਼ਾ ਖ਼ਾਨ ਨੇ ਭਰੇ ਜਹਾਂਗੀਰ ਦੇ ਕੰਨ
ਅਸਲ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕੀਤੀ ਅਤੇ ਆਪਣੀ ਫ਼ੌਜ ਨੂੰ ਮਜ਼ਬੂਤ ਕਰ ਰਹੇ ਸਨ ਤਾਂ ਲਾਹੌਰ ਦੇ ਉਸ ਸਮੇਂ ਦੇ ਨਵਾਬ ਮੁਰਤਜ਼ਾ ਖ਼ਾਨ ਨੇ ਇਹੀ ਸੂਚਨਾ ਮੁਗ਼ਲ ਸ਼ਾਸਕ ਜਹਾਂਗੀਰ ਨੂੰ ਭੇਜੀ ਪਰ ਇਸ ਦਾ ਗ਼ਲਤ ਕਾਰਨ ਦੱਸਿਆ। ਉਸਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਹਰਗੋਬਿੰਦ ਜੀ ਆਪਣੇ ਪਿਤਾ ਦੇ ਤਸੀਹੇ ਅਤੇ ਕਤਲ ਦਾ ਬਦਲਾ ਲੈਣ ਦੀ ਤਿਆਰੀ ਕਰ ਰਹੇ ਹਨ। ਇਹ ਸੁਣ ਕੇ ਜਹਾਂਗੀਰ ਨੇ ਵਜ਼ੀਰ ਖਾਨ ਅਤੇ ਗੁੰਚਾ ਬੇਗ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਅੰਮ੍ਰਿਤਸਰ ਭੇਜਿਆ। ਹਾਲਾਂਕਿ, ਵਜ਼ੀਰ ਖਾਨ ਗੁਰੂ ਹਰਗੋਬਿੰਦ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਇਸ ਲਈ ਉਨ੍ਹਾਂ ਨੂੰ ਬੰਦੀ ਬਣਾਉਣ ਦੀ ਬਜਾਏ ਕਿਹਾ ਕਿ ਉਹ ਉਸ ਨੂੰ ਦਿੱਲੀ ਚੱਲਣ, ਜਿੱਥੇ ਸੁਲਤਾਨ ਜਹਾਂਗੀਰ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਗੁਰੂ ਸਾਹਿਬ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਜਲਦੀ ਹੀ ਦਿੱਲੀ ਪਹੁੰਚ ਗਏ।
ਜਹਾਂਗੀਰ ਹੋਇਆ ਗੁਰੂ ਸਾਹਿਬ ਦਾ ਮੁਰੀਦ
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਦੇ ਸਾਹਮਣੇ ਪਹੁੰਚੇ ਤਾਂ ਉਹ ਉਨ੍ਹਾਂ ਵੱਲ ਵੇਖਦਾ ਹੀ ਰਹਿ ਗਿਆ। ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਕਿਹੜਾ ਬਿਹਤਰ ਹੈ? ਇਸ 'ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਬੀਰ ਦੀਆਂ ਕੁਝ ਤੁਕਾਂ ਸੁਣਾਈਆਂ, ਜਿਸ ਨਾਲ ਉਹ ਹੋਰ ਵੀ ਪ੍ਰਭਾਵਿਤ ਹੋ ਗਿਆ। ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਦੋਸਤੀ ਕਰ ਲਈ। ਇਹ ਜਾਣਦੇ ਹੋਏ ਕਿ ਗੁਰੂ ਹਰਗੋਬਿੰਦ ਸਾਹਿਬ ਇੱਕ ਮਹਾਨ ਸ਼ਿਕਾਰੀ ਸਨ, ਉਹ ਉਨ੍ਹਾਂ ਨੂੰ ਵੀ ਆਪਣੇ ਨਾਲ ਸ਼ਿਕਾਰ 'ਤੇ ਲੈ ਗਿਆ, ਜਿੱਥੇ ਇੱਕ ਵਾਰ ਇੱਕ ਭਿਆਨਕ ਸ਼ੇਰ ਨੇ ਜਹਾਂਗੀਰ 'ਤੇ ਹਮਲਾ ਕਰ ਦਿੱਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤਲਵਾਰ ਦੇ ਇੱਕ ਹੀ ਵਾਰ ਨਾਲ ਉਸ ਨੂੰ ਮਾਰ ਦਿੱਤਾ।
ਚੰਦੂ ਸ਼ਾਹ ਨੇ ਗੁਰੂ ਸਾਹਿਬ ਖਿਲਾਫ਼ ਖੇਡੀ ਖੇਡ
ਚੰਦੂ ਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਇੱਕ ਅਮੀਰ ਸ਼ਾਹੂਕਾਰ ਸੀ, ਜੋ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਆਪਣੀ ਧੀ ਦਾ ਵਿਆਹ ਉਨ੍ਹਾਂ ਦੇ ਪੁੱਤਰ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ। ਹਾਲਾਂਕਿ, ਜਦੋਂ ਗੁਰੂ ਅਰਜਨ ਦੇਵ ਜੀ ਨੇ ਚੰਦੂ ਸ਼ਾਹ ਬਾਰੇ ਚੰਗੀਆਂ ਗੱਲਾਂ ਨਹੀਂ ਸੁਣੀਆਂ, ਤਾਂ ਉਨ੍ਹਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਚੰਦੂ ਸ਼ਾਹ ਚਿੜ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਜਹਾਂਗੀਰ ਦੀ ਵਧਦੀ ਦੋਸਤੀ ਦੇਖ ਕੇ ਚੰਦੂ ਸ਼ਾਹ ਹੋਰ ਈਰਖਾਲੂ ਹੋ ਗਿਆ। ਇਸ ਦੌਰਾਨ ਆਗਰਾ ਵਿੱਚ ਜਹਾਂਗੀਰ ਦੀ ਸਿਹਤ ਗੰਭੀਰ ਵਿਗੜ ਗਈ। ਚੰਦੂ ਸ਼ਾਹ ਨੇ ਇਸ ਦਾ ਫਾਇਦਾ ਉਠਾਇਆ ਅਤੇ ਜੋਤਸ਼ੀਆਂ ਰਾਹੀਂ ਜਹਾਂਗੀਰ ਨੂੰ ਸੁਨੇਹਾ ਦਿੱਤਾ ਕਿ ਜੇਕਰ ਕੁਝ ਧਾਰਮਿਕ ਗੁਰੂ ਗਵਾਲੀਅਰ ਦੇ ਕਿਲ੍ਹੇ ਵਿਚ ਉਸ ਲਈ ਲਗਾਤਾਰ ਅਰਦਾਸ ਕਰਨ ਤਾਂ ਉਸ ਦੀ ਬੀਮਾਰੀ ਠੀਕ ਹੋ ਸਕਦੀ ਹੈ। ਇਹ ਵੀ ਸਲਾਹ ਦਿੱਤੀ ਗਈ ਕਿ ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉੱਤਮ ਕੋਈ ਨਹੀਂ ਹੋਵੇਗਾ। ਜਦੋਂ ਜਹਾਂਗੀਰ ਨੇ ਬੇਨਤੀ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਬਹੁਤ ਸਾਰੇ ਸਮਰਥਕਾਂ ਨਾਲ ਗਵਾਲੀਅਰ ਦੇ ਕਿਲ੍ਹੇ ਵਿਚ ਚਲੇ ਗਏ।
ਰਾਜੇ ਵੀ ਗੁਰੂ ਸਾਹਿਬ ਦੇ ਬਣੇ ਪੈਰੋਕਾਰ
ਕਿਲ੍ਹੇ ਵਿੱਚ ਗੁਰੂ ਹਰਗੋਬਿੰਦ ਜੀ ਕਈ ਰਾਜਿਆਂ ਨੂੰ ਮਿਲੇ, ਜੋ ਵੱਖ-ਵੱਖ ਰਾਜਨੀਤਿਕ ਕਾਰਨਾਂ ਕਰਕੇ ਕੈਦ ਸਨ। ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਸੀ। ਜਦੋਂ ਗੁਰੂ ਹਰਗੋਬਿੰਦ ਜੀ ਨੇ ਕਿਲ੍ਹੇ ਦੇ ਗਵਰਨਰ ਹਰੀ ਦਾਸ ਰਾਹੀਂ ਸਾਰੇ ਰਾਜਿਆਂ ਦੀ ਹਾਲਤ ਸੁਧਾਰੀ ਤਾਂ ਉਹ ਉਨ੍ਹਾਂ ਦੇ ਪੈਰੋਕਾਰ ਬਣ ਗਏ। ਚੰਦੂ ਸ਼ਾਹ ਨੂੰ ਇਹ ਨਹੀਂ ਪਤਾ ਸੀ ਕਿ ਹਰੀ ਦਾਸ ਖੁਦ ਗੁਰੂ ਨਾਨਕ ਦੇਵ ਜੀ ਦਾ ਚੇਲਾ ਸੀ, ਜਦਕਿ ਹਰੀ ਦਾਸ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਰਧਾਲੂ ਬਣ ਚੁੱਕੇ ਸੀ। ਚੰਦੂ ਸ਼ਾਹ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਹਰੀ ਦਾਸ ਨੂੰ ਚਿੱਠੀ ਲਿਖੀ ਤਾਂ ਉਹ ਉਸ ਨੂੰ ਸਿੱਧਾ ਗੁਰੂ ਜੀ ਕੋਲ ਲੈ ਗਿਆ।
ਗੁਰੂ ਸਾਹਿਬ ਨੇ ਰੱਖੀ ਸ਼ਰਤ
ਇਸ ਦੌਰਾਨ ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚ ਗਏ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਉਨ੍ਹਾਂ ਦੇ ਪਿਤਾ ਦੋਹਾਂ ਦੇ ਮਿੱਤਰ ਸਨ। ਉਨ੍ਹਾਂ ਨੇ ਉਦੋਂ ਤੱਕ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਜਹਾਂਗੀਰ ਤੋਂ ਗੁਰੂ ਜੀ ਨੂੰ ਰਿਹਾਅ ਕਰਨ ਲਈ ਕਿਹਾ ਤਾਂ ਉਹ ਤੁਰੰਤ ਸਹਿਮਤ ਹੋ ਗਿਆ। ਉਸ ਨੇ ਵਜ਼ੀਰ ਖਾਨ ਨੂੰ ਗਵਾਲੀਅਰ ਜਾ ਕੇ ਗੁਰੂ ਜੀ ਨੂੰ ਰਿਹਾਅ ਕਰਨ ਲਈ ਕਿਹਾ। ਜਿਵੇਂ ਹੀ ਵਜ਼ੀਰ ਖਾਨ ਪਹੁੰਚਿਆ ਤਾਂ ਹਰੀ ਦਾਸ ਨੇ ਗੁਰੂ ਸਾਹਿਬ ਨੂੰ ਇਹ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਰਤ ਰੱਖ ਦਿੱਤੀ ਕਿ ਉਨ੍ਹਾਂ ਦੇ ਨਾਲ 52 ਰਾਜਿਆਂ ਨੂੰ ਵੀ ਰਿਹਾਅ ਕੀਤਾ ਜਾਵੇ।
ਇਸ ਤਰ੍ਹਾਂ ਰਾਜੇ ਕਰਵਾਏ ਰਿਹਾਅ
ਜਦੋਂ ਵਜ਼ੀਰ ਖਾਨ ਨੇ ਜਹਾਂਗੀਰ ਨੂੰ ਇਸ ਬਾਰੇ ਦੱਸਿਆ ਤਾਂ ਪਹਿਲਾਂ ਤਾਂ ਉਹ ਝਿਜਕਿਆ। ਬਾਅਦ ਵਿੱਚ ਇੱਕ ਸ਼ਰਤ ਰੱਖੀ ਗਈ ਕਿ ਸਿਰਫ ਉਹੀ ਰਾਜੇ ਛੱਡੇ ਜਾਣਗੇ ਜੋ ਉਨ੍ਹਾਂ ਦੀ ਪੋਸ਼ਾਕ ਦਾ ਪਿਛਲਾ ਹਿੱਸਾ ਫੜ ਸਕਦੇ ਹਨ। ਇਸ 'ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਕ ਪੋਸ਼ਾਕ ਤਿਆਰ ਕੀਤੀ ਜਿਸ ਵਿਚ 52 ਕਲੀਆਂ ਸਨ। ਜਿਸ ਤੋਂ ਬਾਅਦ ਹਰ ਇੱਕ ਰਾਜੇ ਨੇ ਉਹ 52 ਕਲੀਆਂ ਫੜੀਆਂ ਤੇ ਜੇਲ੍ਹ ਤੋਂ ਬਾਹਰ ਆ ਗਏ।
ਗੁਰੂ ਸਾਹਿਬ ਦਾ ਹੋਇਆ ਜਸ਼ਨ ਨਾਲ ਸਵਾਗਤ
ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸਿੱਖ ਸੰਗਤ ਨੇ ਉਨ੍ਹਾਂ ਦੇ ਆਗਮਨ ਦਾ ਜਸ਼ਨ ਮਨਾਉਣ ਲਈ ਹਰਿਮੰਦਰ ਸਾਹਿਬ ਵਿਖੇ 'ਦੀਪਮਾਲਾ' ਅਤੇ 'ਆਤਿਸ਼ਬਾਜ਼ੀ' ਕੀਤੀ ਅਤੇ ਆਪਣੇ ਘਰਾਂ ਦੇ ਬਨੇਰਿਆਂ/ਕੰਧਾਂ 'ਤੇ ਦੀਪਮਾਲਾ ਵੀ ਜਗਾਈ। ਉਸ ਦਿਨ ਤੋਂ ਦਿਵਾਲੀ ਨਾਲ ਸਿੱਖ ਕੌਮ ਦਾ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ ਅਤੇ ਸਿੱਖਾਂ ਨੇ ਦਿਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ ਸੰਨ 1595 ਈ. ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਸਾਹਿਬ ਜੀ ਦੀ ਪੜ੍ਹਾਈ ਅਤੇ ਸ਼ਸਤਰ ਵਿੱਦਿਆ ਦੀ ਜਿੰਮੇਵਾਰੀ ਬਾਬਾ ਬੁੱਢਾ ਜੀ ਨੇ ਨਿਭਾਈ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ-ਘਰ ਦੀ ਵਿੱਦਿਆ ਦਿੱਤੀ ਅਤੇ ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ, ਕੁਸ਼ਤੀਆਂ ਆਦਿ ਦੀ ਸਿਖਲਾਈ ਵੀ ਕਰਵਾਈ।
ਸਿੱਖਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਜਾਣ ਵਾਲੀ ਦਿਵਾਲੀ ਵਿਸ਼ਵ ਪ੍ਰਸਿੱਧ ਹੈ ਅਤੇ ਇਸ ਮੌਕੇ ‘ਆਤਿਸ਼ਬਾਜ਼ੀ’ ਅਤੇ ‘ਦੀਪਮਾਲਾ’ ਦਾ ਨਜ਼ਾਰਾ ਵਿਲੱਖਣ ਹੈ। ਹਰ ਸਾਲ ਵੱਡੀ ਗਿਣਤੀ ਵਿਚ ਸੰਗਤਾਂ ਇਸ ਅਲੌਕਿਕ ਨਜ਼ਾਰੇ ਦੇ ਦਰਸ਼ਨ ਕਰਨ ਅਤੇ ਗੁਰੂ ਸਾਹਿਬ ਨੂੰ ਸੀਸ ਝੁਕਾਉਣ ਲਈ ਹੁੰਮ-ਹੁੰਮਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀਆਂ ਹਨ।